ਕਾਠਮੰਡੂ , 7 ਜੂਨ
ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਓਲੀ ਨੇ ਕਿਹਾ ਕਿ ਭਾਰਤ ਨਾਲ ਗਲਤਫਹਿਮੀ ਦੂਰ ਕਰ ਲਈ ਗਈ ਹੈ ਅਤੇ ਉਨ੍ਹਾਂ ਸੁਝਾਅ ਦਿੱਤਾ ਕਿ ਦੋਵਾਂ ਦੇਸ਼ਾਂ ਨੂੰ ਪਿਆਰ ਅਤੇ ਸਮੱਸਿਆਵਾਂ ਸਾਂਝੀਆਂ ਕਰਦਿਆਂ ਭਵਿੱਖ ਵੱਲ ਦੇਖ ਕੇ ਅੱਗੇ ਵਧਣਾ ਚਾਹੀਦਾ ਹੈ। ਬੀਬੀਸੀ ਹਿੰਦੀ ਸੇਵਾ ਨਾਲ ਇੱਕ ਸੱਜਰੀ ਇੰਟਰਵਿਊ ’ਚ ਸ੍ਰੀ ਓਲੀ ਨੇ ਇਸ ਤੱਥ ਨੂੰ ਮੰਨਿਆ ਕਿ ਇੱਕ ਵਾਰ ਦੋਵਾਂ ਦੇਸ਼ਾਂ ਵਿਚਾਲੇ ਗਲਤਫਹਿਮੀ ਹੋ ਗਈ ਸੀ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਮੁੱਦਿਆਂ ਦੀ ਤਫ਼ਸੀਲ ਨਹੀਂ ਦਿੱਤੀ। ਪਿਛਲੇ ਮਹੀਨੇ ਓਲੀ ਨੇ ਕਿਹਾ ਸੀ ਕਿ ਭਾਰਤ ਨਾਲ ਸਰਹੱਦੀ ਮੁੱਦੇ ਇਤਿਹਾਸਕ ਸਮਝੌਤਿਆਂ, ਨਕਸ਼ਿਆਂ ਅਤੇ ਤੱਥਪੂੁਰਨ ਦਸਤਾਵੇਜ਼ਾਂ ਦੇ ਆਧਾਰ ’ਤੇ ਕੂਟਨੀਤਕ ਚੈਨਲਾਂ ਰਾਹੀਂ ਸੁਲਝਾਏ ਜਾਣਗੇ।
ਇੰਟਰਵਿਊ ’ਚ ਉਨ੍ਹਾਂ ਦੱਸਿਆ, ‘ਹਾਂ, ਇੱਕ ਗਲਤਫਹਿਮੀ ਸੀ, ਪਰ ਹੁਣ ਉਹ ਗਲਤਫਹਿਮੀ ਦੂਰ ਹੋ ਗਈ ਹੈ। ਸਾਨੂੰ ਪੁਰਾਣੀਆਂ ਗਲਤਫਹਿਮੀਆਂ ’ਚ ਫਸੇ ਨਹੀਂ ਰਹਿਣਾ ਚਾਹੀਦਾ ਸਗੋਂ ਭਵਿੱਖ ਵੱਲ ਦੇਖਦਿਆਂ ਅੱਗੇ ਵਧਣਾ ਚਾਹੀਦਾ ਹੈ।’ ਫਿਲਹਾਲ ਸੰਕਟ ’ਚ ਘਿਰੀ ਸਰਕਾਰ ਦੀ ਅਗਵਾਈ ਕਰ ਰਹੇ ਓਲੀ ਨੇ ਕਿਹਾ, ‘ਸਾਨੂੰ ਸਕਾਰਾਤਮਕ ਸਬੰਧ ਬਣਾਉਣ ਪੈਣਗੇ।’ ਉਨ੍ਹਾਂ ਕਿਹਾ ਕਿ ਨੇਪਾਲ ਦਾ ਭਾਰਤ ਨਾਲ ਖਾਸ ਸਬੰਧ ਹੈ, ਜਿਹੋ ਜਿਹਾ ਕਿਸੇ ਹੋਰ ਦੇਸ਼ ਨਾਲ ਨਹੀਂ ਹੈ। ਗੁਆਂਢੀ ਪਿਆਰ ਅਤੇ ਸਮੱਸਿਆਵਾਂ ਦੋਵੇਂ ਸਾਂਝੀਆਂ ਕਰਦੇ ਹਨ। ਕੀ ਚਿੱਲੀ ਅਤੇ ਅਰਜਨਟੀਨਾ ਦੇ ਲੋਕਾਂ ਵਿਚਾਲੇ ਸਮੱਸਿਆਵਾਂ ਨਹੀਂ ਹਨ?’ ਸ੍ਰੀ ਓਲੀ ਨੇ ਕਿਹਾ ਕਿ ਜੇਕਰ ਭਾਰਤ ’ਚ ਕਰੋਨਾ ਮਹਾਮਾਰੀ ਕੰਟਰੋਲ ਹੋਵੇ ਪਰ ਨੇਪਾਲ ’ਚ ਨਾ ਹੋਵੇ ਤਾਂ ਇਸ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਅੰਤ ਨੂੰ ਇਸ ਦਾ ਫੈਲਾਅ ਜ਼ਰੂਰ ਹੋਵੇਗਾ। ਉਨ੍ਹਾਂ ਨੇ ਪਹਿਲੀ ਵਾਰ ਟੀਕੇ ਅਤੇ ਹੋਰ ਸਿਹਤ ਸਮੱਗਰੀ ਮੁਹੱਈਆ ਕਰਵਾਉਣ ’ਤੇ ਭਾਰਤ ਦਾ ਧੰਨਵਾਦ ਕੀਤਾ ਪਰ ਨਾਲ ਅਫਸੋਸ ਜਤਾਇਆ ਨੇਪਾਲ ਨੂੰ ਓਨੀ ਮਦਦ ਨਹੀਂ ਮਿਲੀ ਜਿੰਨੀ ਦੀ ਉਸ ਨੂੰ ਭਾਰਤ ਕੋਲੋਂ ਲੋੜ ਸੀ। ਓਲੀ ਨੇ ਕਿਹਾ ਉਨ੍ਹਾਂ ਨੂੰ ਭਾਰਤ ਤੋਂ ਕਾਫੀ ਉਮੀਦਾਂ ਹਨ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਰਤ ਵੱਲੋਂ ਨੇਪਾਲ ਨੂੰ ਪੂਰਾ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। -ਪੀਟੀਆਈ