ਇਸਲਾਮਾਬਾਦ, 2 ਅਪਰੈਲ
ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਕਿਹਾ ਕਿ ਭਾਰਤ ਨਾਲ ਜਾਰੀ ਸਾਰੇ ਵਿਵਾਦਾਂ/ਝਗੜਿਆਂ ਦਾ ਸੰਵਾਦ ਜ਼ਰੀਏ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕੱਢਿਆ ਜਾਵੇ। ਬਾਜਵਾ ਨੇ ਕਿਹਾ ਕਿ ਇਸਲਾਮਾਬਾਦ, ਕਸ਼ਮੀਰ ਸਣੇ ਸਾਰੇ ਬਕਾਇਆ ਮੁੱਦਿਆਂ ਦੇ ਨਿਪਟਾਰੇ ਲਈ ਕੂਟਨੀਤਕ ਰਾਹ ਅਖ਼ਤਿਆਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ, ਜੋ ਅੱਗੋਂ ਵੀ ਜਾਰੀ ਰਹੇਗਾ। ਜਨਰਲ ਬਾਜਵਾ ਨੇ ਇਹ ਗੱਲ ਦੋ ਰੋਜ਼ਾ ‘ਇਸਲਾਮਾਬਾਦ ਸਕਿਓਰਿਟੀ ਡਾਇਲਾਗ’ ਕਾਨਫਰੰਸ ਦੇ ਆਖਰੀ ਦਿਨ ਕਹੀ। ਕਾਨਫਰੰਸ ਵਿੱਚ ਪਾਕਿਸਤਾਨੀ ਤੇ ਕੌਮਾਂਤਰੀ ਨੀਤੀ ਮਾਹਿਰ ਸ਼ਾਮਲ ਹੋਏ, ਜਿਨ੍ਹਾਂ ਕੌਮਾਂਤਰੀ ਸੁਰੱਖਿਆ ਨੂੰ ਦਰਪੇਸ਼ ਚੁਣੌਤੀ ’ਤੇ ਚਰਚਾ ਕੀਤੀ। ਜਨਰਲ ਬਾਜਵਾ ਨੇ ਕਿਹਾ ਕਿ ਵਿਸ਼ਵ ਦੀ ਇਕ ਤਿਹਾਈ ਆਬਾਦੀ ਜਿਹੜੀ ਖਾੜੀ ਖਿੱਤੇ ਤੇ ਹੋਰ ਕਿੱਧਰੇ ਰਹਿੰਦੀ ਹੈ, ਕਿਸੇ ਨਾ ਕਿਸੇ ਝਗੜੇ ਤੇ ਜੰਗ ਵਿੱਚ ਸ਼ਾਮਲ ਹੈ। ਲਿਹਾਜ਼ਾ ‘ਇਹ ਜ਼ਰੂਰੀ ਹੈ ਕਿ ਅਸੀਂ ਅੱਗ ਦੀਆਂ ਲਪਟਾਂ ਨੂੰ ਆਪਣੇ ਖਿੱਤੇ ਤੋਂ ਦੂਰ ਰੱਖੀਏ।’ ਚੀਫ਼ ਆਫ਼ ਆਰਮੀ ਸਟਾਫ਼ (ਸੀਓਏਐੱਸ) ਨੇ ਕਿਹਾ, ‘‘ਪਾਕਿਸਤਾਨ ਕਸ਼ਮੀਰ ਸਣੇ ਸਾਰੇ ਬਕਾਇਆ ਮੁੱਦਿਆਂ ਨੂੰ ਸੁਲਝਾਉਣ ਲਈ ਗੱਲਬਾਤ ਤੇ ਕੂਟਨੀਤੀ ਦਾ ਰਾਹ ਅਖ਼ਤਿਆਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਅੱਗੋਂ ਵੀ ਜਾਰੀ ਰੱਖੇਗਾ। ਜੇਕਰ ਭਾਰਤ ਚਾਹੇ ਤਾਂ ਅਸੀਂ ਇਸ ਫਰੰਟ ’ਤੇ ਅੱਗੇ ਵਧਣ ਲਈ ਤਿਆਰ ਹਾਂ।’’ ਬਾਜਵਾ ਵੱਲੋਂ ਅਮਨ ਦੀ ਪੇਸ਼ਕਸ਼ ਦੇ ਭਾਰਤ ਲਈ ਵਿਆਪਕ ਅਰਥ ਹਨ ਕਿਉਂਕਿ ਬਾਜਵਾ ਨੇ ਅਸਿੱਧੇ ਤੌਰ ’ਤੇ ਭਾਰਤ, ਪਾਕਿਸਤਾਨ ਤੇ ਚੀਨ ਦੀ ਸ਼ਮੂਲੀਅਤ ਵਾਲੀ ਤਿੰਨ ਧਿਰੀ ਗੱਲਬਾਤ ਦਾ ਸੁਝਾਅ ਦਿੱਤਾ ਹੈ। ਥਲ ਸੈਨਾ ਮੁਖੀ ਨੇ ਕਿਹਾ ਕਿ ਕਸ਼ਮੀਰ ਵਿਵਾਦ ਤੋਂ ਇਲਾਵਾ ਭਾਰਤ-ਚੀਨ ਸਰਹੱਦੀ ਵਿਵਾਦ ਵੀ ਪਾਕਿਸਤਾਨ ਲਈ ਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ ਤੇ ‘ਅਸੀਂ ਇਸ ਮਸਲੇ ਨੂੰ ਸੰਵਾਦ ਤੇ ਕੂਟਨੀਤੀ ਜ਼ਰੀਏ ਨਜਿੱਠਣਾ ਚਾਹੁੰਦੇ ਹਾਂ।’’ ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਹੁਣ ਸਮਾਂ ਹੈ ਜਦੋਂ ਖਿੱਤੇ ਦੀ ਸਿਆਸੀ ਲੀਡਰਸ਼ਿਪ ਭਾਵੁਕ ਤੇ ਪ੍ਰਤੱਖ ਵਿਤਕਰੇ ਤੋਂ ਉਪਰ ਉੱਠ ਕੇ ਇਤਿਹਾਸ ਦੇ ਬੰਧਨਾਂ ਨੂੰ ਤੋੜਦਿਆਂ ਖਿੱਤੇ ਦੇ ਲਗਪਗ ਤਿੰਨ ਅਰਬ ਲੋਕਾਂ ਲਈ ਅਮਨ ਤੇ ਖੁਸ਼ਹਾਲੀ ਲਿਆਵੇ।’’ ਜਨਰਲ ਨੇ ਕਿਹਾ ਕਿ ਭਾਰਤੀ ਆਗੂਆਂ ਦਾ ਅੜੀਅਲ ਵਤੀਰਾ ਇਸ ਵਿੱਚ ਅੜਿੱਕਾ ਬਣ ਸਕਦਾ ਹੈ। -ਪੀਟੀਆਈ
‘ਗ਼ਲਤੀ ਨਾਲ ਮਿਜ਼ਾਈਲ ਚੱਲਣ’ ਦਾ ਮੁੱਦਾ ਗੰਭੀਰ ਚਿੰਤਾ ਦਾ ਵਿਸ਼ਾ
ਜਨਰਲ ਬਾਜਵਾ ਨੇ ਕਿਹਾ ਕਿ ਪਿਛਲੇ ਮਹੀਨੇ ਭਾਰਤ ਵੱਲੋਂ ‘ਗ਼ਲਤੀ ਨਾਲ ਚੱਲੀ ਮਿਜ਼ਾਈਲ’ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਸਬੂਤ ਮੁਹੱਈਆ ਕਰਵਾਏਗਾ ਜੋ ਇਹ ਪਾਕਿਸਤਾਨ ਤੇ ਕੁੱਲ ਆਲਮ ਨੂੰ ਇਹ ਯਕੀਨ ਦਿਵਾਉਣਗੇ ਕਿ ਉਨ੍ਹਾਂਦੇ ਦੇ ਹਥਿਆਰ ਪੂਰੀ ਤਰ੍ਹਾਂ ਸੁਰੱਖਿਅਤ ਹਨ।’’