ਸਾਂ ਫਰਾਂਸਿਸਕੋ/ਨਵੀਂ ਦਿੱਲੀ, 13 ਮਈ
ਟੈਸਲਾ ਦੇ ਸੀਈਓ ਐਲਨ ਮਸਕ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਮਾਈਕਰੋ ਬਲਾਗਿੰਗ ਪਲੈਟਫਾਰਮ ਟਵਿੱਟਰ ਨੂੰ 44 ਅਰਬ ਡਾਲਰ ਵਿੱਚ ਖਰੀਦਣ ਦੀ ਆਪਣੀ ਯੋਜਨਾ ਸਪੈਮ ਅਤੇ ਫਰਜ਼ੀ ਖਾਤਿਆਂ ਦੀ ਗਿਣਤੀ ਪਤਾ ਲੱਗਣ ਤੱਕ ਆਰਜ਼ੀ ਤੌਰ ’ਤੇ ਰੋਕ ਦਿੱਤੀ ਹੈ। ਮਸਕ ਨੇ ਟਵੀਟ ਕੀਤਾ, ‘‘ਟਵਿੱਟਰ ਸੌਦਾ ਆਰਜ਼ੀ ਤੌਰ ’ਤੇ ਰੋਕਿਆ ਗਿਆ, ਜਦੋਂ ਤੱਕ ਕਿ ਇਹ ਗਿਣਤੀ ਨਹੀਂ ਹੋ ਜਾਂਦੀ ਕਿ ਕੀ ਸਪੈਮ/ਫਰਜ਼ੀ ਖਾਤੇ ਅਸਲ ਵਿੱਚ ਕੁੱਲ ਵਰਤੋਂਕਾਰਾਂ ਦੇ ਮੁਕਾਬਲੇ 5 ਫ਼ੀਸਦੀ ਤੋਂ ਘੱਟ ਹਨ।’’ ਐਲਨ ਮਸਕ ਨੇ ਟਵੀਟ ਵਿੱਚ ਰਾਇਟਰਜ਼ ਦੀ ਇੱਕ ਸਟੋਰੀ ਦਾ ਲਿੰਕ ਵੀ ਪੋਸਟ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਟਵਿੱਟਰ ਦੇ ਅੰਦਾਜ਼ੇ ਮੁਤਾਬਕ ਸਪੈਮ/ਫਰਜ਼ੀ ਖਾਤੇ 5 ਫ਼ੀਸਦੀ ਤੋਂ ਵੀ ਘੱਟ ਹਨ। ਇਸ ਮਾਈਕਰੋ-ਬਲਾਗਿੰਗ ਪਲੈਟਫਾਰਮ ’ਤੇ ਪਹਿਲੀ ਤਿਮਾਹੀ ਵਿੱਚ 20.29 ਕਰੋੜ ਵਰਤੋਂਕਾਰ ਸਨ। ਦੱਸਣਯੋਗ ਹੈ ਕਿ ਐਲਨ ਮਸਕ ਨੇ ਟਵਿੱਟਰ ਨੂੰ 44 ਅਰਬ ਡਾਲਰ ਵਿੱਚ ਖ਼ਰੀਦਣ ਲਈ ਕਰਾਰ ’ਤੇ ਦਸਤਖਤ ਕੀਤੇ ਹਨ, ਜਿਸ ਲਈ ਉਹ 21 ਅਰਬ ਡਾਲਰ ਆਪਣੇ ਕੋਲੋਂ ਦੇਵੇਗਾ ਅਤੇ ਬਾਕੀ ਅਦਾਇਗੀ ਲਈ ਕਰਜ਼ ਲਵੇਗਾ। -ਆਈਏਐੱਨਐੱਸ
ਸਟਾਰਲਿੰਕ ਸੇਵਾਵਾਂ ਹੁਣ 32 ਮੁਲਕਾਂ ’ਚ ਉਪਲੱਬਧ ਹੋਣਗੀਆਂ
ਨਵੀਂ ਦਿੱਲੀ: ਸਪੇਸਐਕਸ ਸੈਟੇਲਾਈਟ ਇੰਟਰਨੈੱਟ ਸਰਵਿਸ ਸਟਾਰਲਿੰਕ ਨੇ ਅੱਜ ਐਲਾਨ ਕੀਤਾ ਕਿ ਉਸ ਦੀਆਂ ਸੇਵਾਵਾਂ ਹੁਣ 32 ਮੁਲਕਾਂ ਵਿੱਚ ਉਪਲਬਧ ਹੋਣਗੀਆਂ, ਜਿਹੜੀਆਂ ਕਿ ਪਹਿਲਾਂ 25 ਮੁਲਕਾਂ ਵਿੱਚ ਹਨ। ਐਲਨ ਮਸਕ ਦੀ ਸਟਾਰਲਿੰਕ ਵਿਸ਼ਵ ਭਰ ’ਚ ਹਾਈ-ਸਪੀਡ ਬਰਾਡਬੈਂਡ ਇੰਟਰਨੈੱਟ ਮੁਹੱਈਆ ਕਰਵਾਉਂਦੀ ਹੈ। ਦੁਨੀਆਂ ਭਰ ਵਿੱਚ ਇਸ ਦੇ 2,50,000 ਲੱਖ ਤੋਂ ਵੱਧ ਵਰਤੋਂਕਾਰ ਹਨ।