ਕੀਵ, 26 ਜੁਲਾਈ
ਰੂਸ ਨੇ ਅੱਜ ਯੂਕਰੇਨ ਦੇ ਓਡੇਸਾ ਤੇ ਮਾਈਕੋਲੇਵ ਦੇ ਕਾਲਾ ਸਾਗਰ ਨਾਲ ਲੱਗਦੇ ਇਲਾਕਿਆਂ ’ਚ ਹਵਾਈ ਹਮਲੇ ਕੀਤੇ। ਯੂਕਰੇਨ ਦੀ ਫੌਜ ਨੇ ਦੱਸਿਆ ਕਿ ਇਸ ਦੌਰਾਨ ਰੂਸ ਨੇ ਦੇਸ਼ ਦੇ ਦੱਖਣੀ ਤੱਟ ਨਾਲ ਲੱਗਦੇ ਬੰਦਰਗਾਹ ਦੇ ਢਾਂਚੇ ਤੇ ਨਿੱਜੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ। ਯੂਕਰੇਨ ਦੀ ਦੱਖਣੀ ਅਪਰੇਸ਼ਨਲ ਕਮਾਂਡ ਨੇ ਫੇਸਬੁੱਕ ਪੋਸਟ ’ਚ ਦੱਸਿਆ ਕਿ ਕਰੈਮਲਿਨ ਦੀਆਂ ਫੌਜਾਂ ਨੇ ਇਸ ਹਮਲੇ ਲਈ ਹਵਾ ’ਚ ਚਲਾਈਆਂ ਜਾਣ ਵਾਲੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਓਡੇਸਾ ਖੇਤਰ ਵਿਚਲੇ ਕਈ ਪਿੰਡਾਂ ਵਿਚਲੀਆਂ ਨਿੱਜੀ ਇਮਾਰਤਾਂ ’ਤੇ ਇਹ ਹਵਾਈ ਹਮਲੇ ਹੋਏ ਤੇ ਇਨ੍ਹਾਂ ਇਮਾਰਤਾਂ ਨੂੰ ਅੱਗ ਲੱਗ ਗਈ।
ਮਾਈਕੋਲੇਵ ਖੇਤਰ ’ਚ ਬੰਦਰਗਾਹ ਦੇ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਹਮਲਿਆਂ ਤੋਂ ਕੁਝ ਘੰਟੇ ਬਾਅਦ ਦੱਖਣੀ ਖਰਸੌਨ ਖੇਤਰ ’ਚ ਤਾਇਨਾਤ ਮਾਸਕੋ ਦੇ ਅਧਿਕਾਰੀਆਂ ਨੇ ਕਿਹਾ ਕਿ ਓਡੇਸਾ ਤੇ ਮਾਈਕੋਲੇਵ ਖੇਤਰ ਜਲਦੀ ਹੀ ਖਰਸੌਨ ਦੀ ਤਰ੍ਹਾਂ ਰੂਸੀ ਫੌਜਾਂ ਵੱਲੋਂ ਆਜ਼ਾਦ ਕਰਵਾ ਲਏ ਜਾਣਗੇ। ਸਿਰਿੱਲ ਸਤਰੇਮੋਸੋਵ ਨੇ ਕਿਹਾ, ‘ਖਰਸੌਨ ਖੇਤਰ ਤੇ ਖਰਸੌਨ ਸ਼ਹਿਰ ਹਮੇਸ਼ਾ ਲਈ ਆਜ਼ਾਦ ਕਰਵਾ ਲਏ ਗਏ ਹਨ।’ ਜ਼ਿਕਰਯੋਗ ਹੈ ਕਿ ਰੂਸੀ ਫੌਜਾਂ ਨੇ ਲੰਘੇ ਹਫ਼ਤੇ ਦੇ ਅਖੀਰ ’ਚ ਓਡੇਸਾ ਬੰਦਰਗਾਹ ’ਤੇ ਹਮਲੇ ਕੀਤੇ ਸੀ। ਇਸੇ ਦੌਰਾਨ ਬਰਤਾਨਵੀ ਫੌਜ ਨੇ ਕਿਹਾ ਕਿ ਮਾਸਕੋ ਨੇ ਦਾਅਵਾ ਕੀਤਾ ਸੀ ਕਿ ਓਡੇਸਾ ਬੰਦਰਗਾਹ ’ਤੇ ਯੂਕਰੇਨ ਦਾ ਜੰਗੀ ਬੇੜਾ ਤੇ ਜੰਗੀ ਬੇੜੇ ਰੋਕੂ ਮਿਜ਼ਾਈਲਾਂ ਤਾਇਨਾਤ ਹਨ ਪਰ ਮੌਕੇ ’ਤੇ ਅਜਿਹਾ ਕੁਝ ਵੀ ਨਹੀਂ ਸੀ।
ਦੂਜੇ ਪਾਸੇ ਯੂਕਰੇਨ ਦੇ ਪਹਿਲੇ ਜੰਗੀ ਅਪਰਾਧਾਂ ਦੀ ਸਜ਼ਾ ਸਬੰਧੀ ਅਪੀਲ ਬੀਤੇ ਦਿਨ ਮੁਲਤਵੀ ਕਰ ਦਿੱਤੀ ਗਈ ਸੀ ਕਿਉਂਕਿ ਸਰਕਾਰੀ ਵਕੀਲ ਰੂਸ ਨੂੰ ਉਸ ਦੇ ਜ਼ੁਲਮਾਂ ਲਈ ਕਾਨੂੰਨੀ ਤੋਰ ’ਤੇ ਜਵਾਬਦੇਹ ਠਹਿਰਾਉਣ ਲਈ ਜ਼ੋਰ ਦੇ ਰਹੇ ਸਨ।
21 ਸਾਲਾ ਰੂਸੀ ਫੌਜੀ ਵਾਦਿਮ ਸ਼ਿਸ਼ੀਮੈਰਿਨ ਨੂੰ ਨਵੇਂ ਜੰਗੀ ਅਪਰਾਧਾਂ ਦੇ ਦੋਸ਼ ਹੇਠ ਯੂਕਰੇਨ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਉਸ ਨੂੰ ਯੂਕਰੇਨ ਦੀ ਅਦਾਲਤ ਨੇ ਮਈ ਮਹੀਨੇ ਆਮ ਲੋਕਾਂ ਦੇ ਕਤਲ ਦਾ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਾਈ ਸੀ। ਅਦਾਲਤ ਨੇ ਉਸ ਖ਼ਿਲਾਫ਼ ਨਵੇਂ ਦੋਸ਼ਾਂ ਦੀ ਸੁਣਵਾਈ 29 ਜੁਲਾਈ ਨੂੰ ਪਾ ਦਿੱਤੀ ਕਿਉਂਕਿ ਉਸ ਦੇ ਵਕੀਲ ਦੀ ਸਿਹਤ ਠੀਕ ਨਹੀਂ ਸੀ। -ਏਪੀ