ਵਾਸ਼ਿੰਗਟਨ, 18 ਅਕਤੂਬਰ
ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨੇ ਕਿਹਾ ਹੈ ਕਿ ‘ਏਅਰ ਇੰਡੀਆ’ ਦੀ ਵਿਕਰੀ ਭਾਰਤ ਵੱਲੋਂ ਨਿੱਜੀਕਰਨ ਲਈ ਚੁੱਕੇ ਜਾ ਰਹੇ ਕਦਮਾਂ ਵਿਚ ‘ਮੀਲ ਦਾ ਪੱਥਰ’ ਸਾਬਿਤ ਹੋਵੇਗੀ। ਜ਼ਿਕਰਯੋਗ ਹੈ ਕਿ ਘਾਟਾ ਝੱਲ ਰਹੀ ਏਅਰ ਇੰਡੀਆ ਨੂੰ ਟਾਟਾ ਗਰੁੱਪ ਨੇ ਬੋਲੀ ਲਾ ਕੇ ਖ਼ਰੀਦਿਆ ਹੈ। ਆਈਐਮਐਫ-ਐੱਸਟੀਆਈ ਖੇਤਰੀ ਸਿਖ਼ਲਾਈ ਸੰਸਥਾ ਦੇ ਡਾਇਰੈਕਟਰ ਅਲਫਰੈੱਡ ਸ਼ਿਪਕੇ ਨੇ ਇਕ ਇੰਟਰਵਿਊ ਵਿਚ ਕਿਹਾ ਆਮ ਤੌਰ ’ਤੇ ਨਿੱਜੀਕਰਨ ਤੋਂ ਵੱਧ ਲਾਭ ਲੈਣ ਲਈ ਦਰਮਿਆਨੇ ਸਮੇਂ ਦੀਆਂ ਨਿੱਜੀਕਰਨ ਯੋਜਨਾਵਾਂ ਮਹੱਤਵਪੂਰਨ ਹੁੰਦੀਆਂ ਹਨ। ਇਸ ਤੋਂ ਇਲਾਵਾ ਠੋਸ ਰੈਗੂਲੇਟਰੀ ਢਾਂਚਾ ਤੇ ਮੁਕਾਬਲੇ ਦੀ ਮਾਰਕੀਟ ਵੀ ਅਹਿਮ ਹੈ। ਕੌਮਾਂਤਰੀ ਮੁਦਰਾ ਫੰਡ ਨੇ ਭਾਰਤ ਬਾਰੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ 130 ਨੀਤੀਆਂ ਦਾ ਜ਼ਿਕਰ ਹੈ ਕਿ ਜਿਨ੍ਹਾਂ ’ਤੇ ਨਰਿੰਦਰ ਮੋਦੀ ਸਰਕਾਰ ਨੇ ਅਮਲ ਕੀਤਾ ਹੈ। ਇਹ ਨੀਤੀਆਂ ਆਰਥਿਕ ਸੁਧਾਰਾਂ ਅਤੇ ਆਰਥਿਕਤਾ ਨੂੰ ਹੋਰ ਖੋਲ੍ਹਣ ਦੇ ਮੰਤਵ ਨਾਲ ਬਣਾਈਆਂ ਗਈਆਂ ਹਨ। ਵਿੱਤੀ ਫਰੰਟ ’ਤੇ ਆਈਐਮਐਫ ਦੇ ਅਧਿਕਾਰੀ ਨੇ ਕਿਹਾ ਕਿ ਦੋ ਖੇਤਰ ਉੱਭਰ ਕੇ ਸਾਹਮਣੇ ਆਏ ਹਨ। ਮਹਾਮਾਰੀ ਦੇ ਮੱਦੇਨਜ਼ਰ ਘੱਟ ਆਮਦਨੀ ਵਾਲਿਆਂ ਲਈ ਮਦਦ ਦਾ ਘੇਰਾ ਵਧਾਇਆ ਗਿਆ ਹੈ। ਪਹਿਲਾਂ ਤੋਂ ਜਾਰੀ ਸਮਾਜ ਭਲਾਈ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰ ਕੇ ਅਜਿਹਾ ਕੀਤਾ ਗਿਆ ਹੈ। ਰਿਪੋਰਟ ਵਿਚ ਪੀਐਮ ਗਰੀਬ ਕਲਿਆਣ ਯੋਜਨਾ ਦਾ ਵੀ ਜ਼ਿਕਰ ਹੈ ਜੋ ਕਿ ਮਹਾਮਾਰੀ ਦੌਰਾਨ ਕਈ ਵਾਰ ਵਧਾਈ ਗਈ ਹੈ। ‘ਇਕ ਮੁਲਕ ਇਕ ਰਾਸ਼ਨ ਕਾਰਡ’ ਦਾ ਵੀ ਜ਼ਿਕਰ ਹੈ ਜਿਸ ਨਾਲ ਲੋਕਾਂ ਦੇ ਜੀਵਨ ’ਤੇ ਮਹਾਮਾਰੀ ਦਾ ਅਸਰ ਕੁਝ ਹੱਦ ਤੱਕ ਘਟਿਆ ਹੈ। ਮੁਦਰਾ ਫੰਡ ਦੇ ਅਧਿਕਾਰੀ ਮੁਤਾਬਕ ਭਾਰਤ ਸਰਕਾਰ ਦੀ ਨਵੀਂ ਨਿੱਜੀਕਰਨ ਨੀਤੀ ਤੇ ਮੁਦਰੀਕਰਨ ਨੀਤੀ ਜੇ ਕਾਮਯਾਬੀ ਨਾਲ ਲਾਗੂ ਹੁੰਦੀ ਹੈ ਤਾਂ ਇਸ ਦੇ ਲਾਭ ਨੂੰ ਬੁਨਿਆਦੀ ਢਾਂਚੇ, ਸਿਹਤ ਤੇ ਸਿੱਖਿਆ ਉਤੇ ਲਾਇਆ ਜਾ ਸਕੇਗਾ। ਅਲਫਰੈੱਡ ਨੇ ਕਿਹਾ ਕਿ ਆਰਬੀਆਈ ਨੇ ਮਹੱਤਵਪੂਰਨ, ਵਿਆਪਕ ਤੇ ਢੁੱਕਵੇਂ ਕਦਮ ਚੁੱਕ ਕੇ ਵਿਆਜ ਦਰਾਂ ਘਟਾਈਆਂ ਹਨ ਤੇ ਸਾਰਿਆਂ ਦੀ ਹਿੱਤ ਪੂਰਨ ਵਾਲਾ ਰਵੱਈਆ ਅਪਣਾਇਆ ਹੈ। ਆਈਐਮਐਫ ਨੇ ਸਰਕਾਰੀ ਖੇਤਰ ਦੀਆਂ ਬੈਂਕਾਂ ਤੇ ਬੀਮਾ ਕੰਪਨੀ ਦੇ ਨਿੱਜੀਕਰਨ ਦਾ ਵੀ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਨਾਲ ਹੋਰ ਸੁਧਾਰ ਹੋਵੇਗਾ, ਸਰਕਾਰ ਦਾ ਇਨ੍ਹਾਂ ਖੇਤਰਾਂ ਵਿਚੋਂ ਹਿੱਸਾ ਘਟਣ ਨਾਲ ਇਹ ਸੈਕਟਰ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਕਿਰਤ ਸੁਧਾਰਾਂ ਲਈ ਲਿਆਂਦੇ ਗਏ ਬਿੱਲ, ਸਮਾਜਿਕ ਸੁਰੱਖਿਆ ਦਾ ਵਿਸਤਾਰ ਕਿਰਤ ਖੇਤਰ ਨੂੰ ਸੰਗਠਿਤ ਤੇ ਰਸਮੀ ਬਣਾਏਗਾ।
ਕਰੋਨਾ ਸੰਕਟ ’ਚੋਂ ਉਭਰਨ ਲਈ ਉਦਾਰੀਕਰਨ ਅਹਿਮ ਕਰਾਰ
ਕੌਮਾਂਤਰੀ ਮੁਦਰਾ ਫੰਡ ਨੇ ਕਿਹਾ ਹੈ ਕਿ ਢਾਂਚਾਗਤ ਸੁਧਾਰਾਂ ਦੇ ਨਾਲ ਵੱਖ-ਵੱਖ ਖੇਤਰਾਂ ਨੂੰ ਪ੍ਰਾਈਵੇਟ ਹਿੱਸੇਦਾਰਾਂ ਲਈ ਹੋਰ ਖੋਲ੍ਹਣ (ਉਦਾਰੀਕਰਨ) ਨਾਲ ਆਲਮੀ ਸਪਲਾਈ ਲੜੀ ਵਿਚ ਭਾਰਤ ਦੀ ਸ਼ਮੂਲੀਅਤ ਵਧੇਗੀ ਤੇ ਕਰੋਨਾ ਕਾਰਨ ਹੋਏ ਨੁਕਸਾਨ ਤੋਂ ਰਿਕਵਰੀ ਵੀ ਤੇਜ਼ੀ ਨਾਲ ਹੋਵੇਗੀ। ਆਈਐਮਐਫ ਦੇ ਅਧਿਕਾਰੀ ਨੇ ਕਿਹਾ ਕਿ ਕੋਵਿਡ ਸੰਕਟ ਦੇ ਬਾਵਜੂਦ ਭਾਰਤ ਨੂੰ ਸਭ ਤੋਂ ਵੱਧ ਸਿੱਧਾ ਵਿਦੇਸ਼ੀ ਨਿਵੇਸ਼ ਮਿਲਿਆ ਹੈ। ਮੁਦਰਾ ਫੰਡ ਨੇ ਕਿਹਾ ਕਿ ਲਗਾਤਾਰ ਤਾਲਮੇਲ ਨਾਲ ਨੀਤੀ ਨਿਰਧਾਰਣ ਕਰ ਕੇ ਹੀ ਕੋਵਿਡ ਸੰਕਟ ਨਾਲ ਨਜਿੱਠਿਆ ਜਾ ਸਕਦਾ ਹੈ। ਵੱਧ ਤੋਂ ਵੱਧ ਟੀਕਾਕਰਨ ਉਤੇ ਵੀ ਜ਼ੋਰ ਦਿੱਤਾ ਗਿਆ ਹੈ। -ਪੀਟੀਆਈ