ਵਾਸ਼ਿੰਗਟਨ, 23 ਸਤੰਬਰ
ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਐੱਫ-16 ਜੰਗੀ ਜਹਾਜ਼ਾਂ ਦੇ ਬੇੜੇ ਵਾਸਤੇ 45 ਕਰੋੜ ਡਾਲਰ ਦੀ ਮਦਦ ਦੇਣ ਸਬੰਧੀ ਉਸ ਦਾ ਫੈਸਲਾ ਭਾਰਤ ਨੂੰ ਕੋਈ ਸੁਨੇਹਾ ਦੇਣ ਵਾਸਤੇ ਨਹੀਂ ਲਿਆ ਗਿਆ ਹੈ ਬਲਕਿ ਇਹ ਇਸਲਾਮਾਬਾਦ ਨਾਲ ਅਮਰੀਕਾ ਦੀ ਰੱਖਿਆ ਸਾਂਝੇਦਾਰੀ ਨਾਲ ਸਬੰਧਤ ਹੈ ਜੋ ਕਿ ਖ਼ਾਸ ਤੌਰ ’ਤੇ ਅਤਿਵਾਦ ਤੇ ਪਰਮਾਣੂ ਸੁਰੱਖਿਆ ’ਤੇ ਕੇਂਦਰਿਤ ਹੈ। ਬਾਇਡਨ ਪ੍ਰਸ਼ਾਸਨ ਨੇ ਟਰੰਪ ਪ੍ਰਸ਼ਾਸਨ ਦੇ ਪਾਕਿਸਤਾਨ ਨੂੰ ਫ਼ੌਜੀ ਸਹਾਇਤਾ ’ਤੇ ਰੋਕ ਲਾਉਣ ਸਬੰਧੀ ਫ਼ੈਸਲੇ ਨੂੰ ਬਦਲਦੇ ਹੋਏ 8 ਸਤੰਬਰ ਨੂੰ ਪਾਕਿਸਤਾਨ ਨੂੰ ਐੱਫ-16 ਜੰਗੀ ਜਹਾਜ਼ਾਂ ਵਾਸਤੇ 45 ਕਰੋੜ ਡਾਲਰ ਦੀ ਮਦਦ ਦੇਣ ਦੀ ਮਨਜ਼ੂਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਅਤਿਵਾਦੀ ਜਥੇਬੰਦੀਆਂ ਅਫ਼ਗਾਨ ਤਾਲਿਬਾਨ ਤੇ ਹੱਕਾਨੀ ਨੈੱਟਵਰਕ ’ਤੇ ਕਾਰਵਾਈ ਕਰਨ ’ਚ ਅਸਫ਼ਲ ਰਹਿਣ ’ਤੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਸਹਾਇਤਾ ਰੋਕ ਦਿੱਤੀ ਸੀ। ਭਾਰਤ ਨੇ ਅਮਰੀਕਾ ਨੂੰ ਪਾਕਿਸਤਾਨ ਦੇ ਐੱਫ-16 ਜੰਗੀ ਜਹਾਜ਼ਾਂ ਲਈ ਇਕ ਸਹਾਇਤਾ ਪੈਕੇਜ ਮੁਹੱਈਆ ਕਰਨ ਦੇ ਵਾਸ਼ਿੰਗਟਨ ਦੇ ਫੈਸਲੇ ’ਤੇ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ ਹੈ। -ਪੀਟੀਆਈ