ਯੋਰੋਸ਼ਲਮ: ਭਾਰਤ ਦੇ ਸੱਤ ਰਾਜਾਂ ਦੇ 18 ਖੇਤੀ ਅਧਿਕਾਰੀ ਇਜ਼ਰਾਈਲ ਦੇ 15 ਰੋਜ਼ਾ ਦੌਰੇ ’ਤੇ ਪਹੁੰਚ ਗਏ ਹਨ। ਇਹ ਅਧਿਕਾਰੀ ਖੇਤੀ ਖੇਤਰ ਨਾਲ ਸਬੰਧਤ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰਨ ਇੱਥੇ ਆਏ ਹਨ। ਇਨ੍ਹਾਂ ਦੀ ਮਦਦ ਨਾਲ ਭਾਰਤ ਦੇ ਕਿਸਾਨਾਂ ਦੀ ਆਮਦਨ ’ਚ ਵਾਧਾ ਕੀਤਾ ਜਾ ਸਕੇਗਾ। ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ-ਇਜ਼ਰਾਈਲ ਖੇਤੀ ਪ੍ਰਾਜੈਕਟ (ਆਈਆਈਏਪੀ) ਤਹਿਤ ਭਾਰਤ-ਇਜ਼ਰਾਈਲ ਸੈਂਟਰਜ਼ ਆਫ ਐਕਸੀਲੈਂਸ (ਸੀਓਈ) ਦੇ ਖੇਤੀ ਅਧਿਕਾਰੀ ਇਜ਼ਰਾਈਲ ਦੇ ਮਾਸ਼ਵ ਖੇਤੀਬਾੜੀ ਸਿਖਲਾਈ ਸੈਂਟਰ (ਐੱਮਏਟੀਸੀ) ਵੱਲੋਂ ਕਰਵਾਈ ਜਾ ਰਹੀ ਵਰਕਸ਼ਾਪ ਵਿੱਚ ਹਿੱਸਾ ਲੈ ਰਹੇ ਹਨ। ਇਸ ਵਰਕਸ਼ਾਪ ਦੌਰਾਨ ਖੇਤੀ ਅਧਿਕਾਰੀਆਂ ਨੂੰ ਇਜ਼ਰਾਈਲ ਦੇ ਖੇਤਰੀ ਖੇਤੀ ਖੋਜ ਤੇ ਵਿਕਾਸ ਮਾਡਲ ਦਾ ਸੰਗਠਨ, ਪ੍ਰਬੰਧਨ ਤੇ ਚੁਣੌਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ। -ਪੀਟੀਆਈ