ਜਨੇਵਾ, 17 ਜੂਨ
ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਮੈਂਬਰ ਦੇਸ਼ਾਂ ਵਿਚਾਲੇ ਦੋ ਦਿਨਾਂ ਤੱਕ ਚੱਲੀ ਗਹਿਰੀ ਵਿਚਾਰ-ਚਰਚਾ ਤੋਂ ਬਾਅਦ ਕੋਵਿਡ-19 ਟੀਕਿਆਂ ਲਈ ਆਰਜ਼ੀ ਪੇਟੇਂਟ ਛੋਟ ਦੇਣ ’ਤੇ ਸਹਿਮਤੀ ਬਣ ਗਈ ਹੈ। ਇਸ ਤਹਿਤ ਕੋਈ ਵੀ ਦੇਸ਼ ਮੂਲ ਨਿਰਮਾਤਾ ਤੋਂ ਮਨਜ਼ੂਰੀ ਲਏ ਬਿਨਾਂ ਟੀਕੇ ਦੇ ਉਤਪਾਦਨ ਲਈ ਕਿਸੇ ਘਰੇਲੂ ਫਰਮ ਨੂੰ ਜ਼ਰੂਰੀ ਲਾਇਸੈਂਸ ਜਾਰੀ ਕਰ ਸਕੇਗਾ। ਇਸ ਤੋਂ ਇਲਾਵਾ ਮੱਛੀ ਪਾਲਣ ਲਈ ਮਿਲਣ ਵਾਲੀ ਨੁਕਸਾਨਦਾਇਕ ਸਬਸਿਡੀ ਬਾਰੇ ਵੀ ਸਮਝੌਤਾ ਹੋ ਗਿਆ ਹੈ। ਮੱਛੀ ਪਾਲਣ ਸਮਝੌਤੇ ਉਤੇ ਬੀਤੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਵਿਚਾਰ ਚੱਲ ਰਿਹਾ ਸੀ। ਲੋੜ ਤੋਂ ਵੱਧ ਮੱਛੀ ਫੜਨ, ਗੈਰਕਾਨੂੰਨੀ, ਗੈਰ-ਸੂਚਿਤ ਤੇ ਗੈਰ-ਨਿਯਮਿਤ ਢੰਗ ਨਾਲ ਮੱਛੀ ਫੜਨ ਉਤੇ ਸਬਸਿਡੀ ਖ਼ਤਮ ਕਰਨ ਲਈ ਸਮਝੌਤਾ ਹੋ ਗਿਆ ਹੈ। ਵਸਤਾਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਦੂਜੀ ਥਾਂ ਭੇਜਣ ਉਤੇ ਕਸਟਮ ਡਿਊਟੀ ’ਤੇ ਰੋਕ ਲਾਉਣ ਦੇ ਮੁੱਦੇ ਦਾ ਹੱਲ ਡਬਲਿਊਟੀਓ ਦੇ ਅਗਲੇ ਮੰਤਰੀ ਪੱਧਰ ਦੇ ਸੰਮੇਲਨ ਤੱਕ ਜਾਂ ਮਾਰਚ 2024 ਤੱਕ ਖੋਜਣ ਉਤੇ ਵੀ ਸਹਿਮਤੀ ਬਣੀ ਹੈ। ਭਾਰਤ ਦੇ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ, ‘ਕੁੱਲ-ਮਿਲਾ ਕੇ ਸਭ ਚੰਗਾ ਰਿਹਾ ਹੈ। ਡਬਲਿਊਟੀਓ ਦੇ ਮੈਂਬਰ ਸਾਰੇ ਦੇਸ਼ ਨੌਂ ਸਾਲ ਬਾਅਦ ਕਿਸੇ ਸਮਝੌਤੇ ’ਤੇ ਸਹਿਮਤ ਹੋਏ ਹਨ।’ -ਪੀਟੀਆਈ