ਲੰਡਨ, 7 ਅਕਤੂਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਸ਼ਰੀਫ਼ ਨੇ ਤਿੰਨ ਸਾਲਾਂ ਮਗਰੋਂ ਲੰਡਨ ਵਿੱਚ ਆਪਣੇ ਪਿਤਾ ਨਾਲ ਮੁਲਾਕਾਤ ਕੀਤੀ। ਅਦਾਲਤ ਦੇ ਹੁਕਮਾਂ ’ਤੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਮਰੀਅਮ ਦਾ ਪਾਸਪੋਰਟ ਉਸ ਨੂੰ ਸੌਂਪਿਆ ਸੀ, ਜਿਸ ਮਗਰੋਂ ਉਹ ਲੰਡਨ ਪਹੁੰਚੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਲ) ਦੀ ਉਪ ਪ੍ਰਧਾਨ ਮਰੀਅਮ ਦਾ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਉਸ ਦੇ ਭਰਾ ਹਸਨ ਨਵਾਜ਼ ਸ਼ਰੀਫ਼ ਅਤੇ ਪੁੱਤਰ ਜੁਨੈਦ ਸਫਦਾਰ ਨੇ ਸਵਾਗਤ ਕੀਤਾ। ਮਰੀਅਮ ਨੇ 2019 ਵਿੱਚ ਚੌਧਰੀ ਖੰਡ ਮਿੱਲ ਕੇਸ ਵਿੱਚ ਜ਼ਮਾਨਤ ਮਿਲਣ ਮਗਰੋਂ ਆਪਣਾ ਪਾਸਪੋਰਟ ਲਾਹੌਰ ਹਾਈ ਕੋਰਟ ਵਿੱਚ ਜਮ੍ਹਾ ਕਰਵਾਇਆ ਸੀ। ਇਸਲਾਮਾਬਾਦ ਹਾਈ ਕੋਰਟ ਨੇ ਐਵਨਫੀਲਡ ਪ੍ਰਾਪਰਟੀ ਕੇਸ ਸਬੰਧੀ ਦੋਸ਼ਾਂ ਨੂੰ ਰੱਦ ਕਰਦਿਆਂ ਕੁੱਝ ਦਿਨ ਬਾਅਦ ਹੀ ਉਸ ਦਾ ਪਾਸਪੋਰਟ ਵਾਪਸ ਕਰ ਦਿੱਤਾ ਸੀ। ਮਰੀਅਮ ਨੇ ਤਕਰੀਬਨ ਤਿੰਨ ਸਾਲਾਂ ਮਗਰੋਂ ਆਪਣੇ ਭਰਾ ਹੁਸੈਨ ਅਤੇ ਹਸਨ ਨਾਲ ਮੁਲਾਕਾਤ ਕੀਤੀ। ਉਹ ਆਖ਼ਰੀ ਵਾਰ ਆਪਣੀ ਮਾਂ ਕੁਲਸੂਮ ਨਵਾਜ਼ ਦੇ ਇੰਤਕਾਲ ਮੌਕੇ ਉਨ੍ਹਾਂ ਨੂੰ ਮਿਲੀ ਸੀ। ਲੰਡਨ ਦੌਰੇ ਦੌਰਾਨ ਮਰੀਅਮ ਆਪਣਾ ਇਲਾਜ ਕਰਾਵੇਗੀ ਅਤੇ ਉਸ ਦੇ 6 ਨਵੰਬਰ ਨੂੰ ਪਿਤਾ ਨਵਾਜ਼ ਸ਼ਰੀਫ਼ ਨਾਲ ਇਕੱਠਿਆਂ ਪਾਕਿਸਤਾਨ ਪਰਤਣ ਦੀ ਸੰਭਾਵਨਾ ਹੈ। ਪੀਐੱਮਐੱਲ-ਐੱਨ ਦੇ ਕਈ ਸਮਰਥਕ ਹਵਾਈ ਅੱਡੇ ’ਤੇ ਮਰੀਅਮ ਦੇ ਸਵਾਗਤ ਲਈ ਇਕੱਠੇ ਹੋਏ, ਜਦਕਿ ਇਸੇ ਦੌਰਾਨ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸਮਰਥਕ ਵੀ ਉੱਥੇ ਪਹੁੰਚੇ ਅਤੇ ਮਰੀਅਮ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਸੋਸ਼ਲ ਮੀਡੀਆ ’ਤੇ ਮਰੀਅਮ ਤੇ ਨਵਾਜ਼ ਸ਼ਰੀਫ਼ ਦੀ ਜੱਫੀ ਪਾ ਕੇ ਮਿਲਦਿਆਂ ਦੀ ਫੋਟੋ ਕਾਫ਼ੀ ਵਾਇਰਲ ਹੋ ਰਹੀ ਹੈ। -ਪੀਟੀਆਈ