ਕਾਬੁਲ, 23 ਸਤੰਬਰ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਅੱਜ ਇਕ ਮਸਜਿਦ ਨੇੜੇ ਹੋਏ ਧਮਾਕੇ ’ਚ ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਸ਼ਹਿਰ ਦੇ ਡਿਪਲੋਮੈਟਿਕ ਖੇਤਰ ’ਚ ਧਮਾਕੇ ਤੋਂ ਬਾਅਦ ਅਸਮਾਨ ’ਚ ਕਾਲਾ ਧੂੰਆਂ ਉੱਠਣ ਲੱਗਾ। ਇਸ ਦੌਰਾਨ ਕਈ ਮਿੰਟਾਂ ਤੱਕ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਇੱਥੋਂ ਦੇ ਇਟਾਲੀਅਨ ਐਮਰਜੈਂਸੀ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਸਪਤਾਲ ਵਿੱਚ 14 ਜ਼ਖ਼ਮੀਆਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ’ਚੋਂ ਚਾਰ ਦੀ ਹਸਪਤਾਲ ਪੁੱਜਣ ਮਗਰੋਂ ਮੌਤ ਹੋ ਗਈ।
ਕਾਬੁਲ ਪੁਲੀਸ ਮੁਖੀ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਕਿਹਾ ਕਿ ਨਮਾਜ਼ ਤੋਂ ਬਾਅਦ ਮਸਜਿਦ ਤੋਂ ਬਾਹਰ ਨਿਕਲ ਰਹੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਗ੍ਰਹਿ ਮੰਤਰੀ ਦੇ ਬੁਲਾਰੇ ਅਬਦੁਲ ਨਫੀ ਟਾਕੋਰ ਨੇ ਦੱਸਿਆ ਕਿ ਧਮਾਕਾ ਮਸਜਿਦ ਨੇੜੇ ਮੁੱਖ ਸੜਕ ’ਤੇ ਹੋਇਆ। ਉਨ੍ਹਾਂ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। -ਏਪੀ