ਕਾਬੁਲ, 5 ਅਕਤੂਬਰ
ਪੂਰਬੀ ਅਫ਼ਗਾਨਿਸਤਾਨ ਵਿੱਚ ਇੱਕ ਸੂਬੇ ਦੇ ਰਾਜਪਾਲ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਕਾਰ ਬੰਬਾਰ ਵੱਲੋਂ ਕੀਤੇ ਗਏ ਹਮਲੇ ’ਚ 4 ਨਾਗਰਿਕਾਂ ਸਣੇ 8 ਜਣੇ ਮਾਰੇ ਗਏ। ਰਾਜਪਾਲ ਰਹਿਮਤਉੱਲ੍ਹਾ ਯਰਮਾਲ ਦੇ ਤਰਜਮਾਨ ਅਸਦਉੱਲ੍ਹਾ ਦਵਲਾਤਜ਼ਾਈ ਨੇ ਦੱਸਿਆ ਕਿ ਧਮਾਕੇ ਵਿੱਚ ਰਾਜਪਾਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਸੂਬੇ ਦੀ ਰਾਜਧਾਨੀ ਮਿਹਤੇਰਲਮ ’ਚ ਹੋਏ ਹਮਲੇ ਵਿੱਚ ਰਾਜਪਾਲ ਦੇ 4 ਅੰਗਰੱਖਿਅਕ ਹਲਾਕ ਹੋ ਗਏ ਜਦਕਿ ਲੱਗਪਗ 38 ਲੋਕ ਜ਼ਖ਼ਮੀ ਹੋਏ ਹਨ। ਦਵਲਾਤਜ਼ਾਈ ਨੇ ਦੱਸਿਆ ਕਿ 38 ਜ਼ਖ਼ਮੀਆਂ ’ਚ ਇੱਕ ਬੱਚੇ ਸਣੇ 36 ਨਾਗਰਿਕ ਅਤੇ ਰਾਜਪਾਲ ਦੇ 2 ਅੰਗਰੱਖਿਅਕ ਸ਼ਾਮਲ ਹਨ। ਜ਼ਖਮੀਆਂ ਨੂੰ ਸ਼ਹਿਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਕਿਸੇ ਵੀ ਜਥੇਬੰਦੀ ਨੇ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸ ਇਲਾਕੇ ਵਿੱਚ ਆਈਐੱਸ ਤੇ ਤਾਲਿਬਾਨ ਸਰਗਰਮ ਹਨ। -ਪੀਟੀਆਈ