ਕਾਬੁਲ, 29 ਨਵੰਬਰ
ਅਫ਼ਗਾਨਿਸਤਾਨ ’ਚ ਅੱਜ ਇੱਕ ਫੌਜੀ ਕੈਂਪ ਅਤੇ ਇੱਕ ਸੂਬਾ ਮੁਖੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਵੱਖ-ਵੱਖ ਆਤਮਘਾਤੀ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 34 ਜਣਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਫ਼ਗਾਨ ਅਧਿਕਾਰੀਆਂ ਨੇ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਗਜ਼ਨੀ ਸੂਬੇ ’ਚ ਹਮਲਾਵਰ ਧਮਾਕਾਖੇਜ਼ ਸਮੱਗਰੀ ਨਾਲ ਭਰੀ ਫ਼ੌਜੀ ਗੱਡੀ (ਕਾਰ) ਫੌਜੀ ਕਮਾਂਡੋ ਕੈਂਪ ’ਚ ਲੈ ਗਿਆ ਅਤੇ ਧਮਾਕਾ ਕਰ ਦਿੱਤਾ, ਜਿਸ ਕਾਰਨ 31 ਜਵਾਨ ਮਾਰੇ ਗਏ ਅਤੇ 24 ਹੋਰ ਜ਼ਖ਼ਮੀ ਹੋਏ ਹਨ।
ਅਧਿਕਾਰੀਆਂ ਮੁਤਾਬਕ ਦੂਜੇ ਹਮਲੇ ’ਚ ਦੱਖਣੀ ਅਫ਼ਗਾਨਿਸਤਾਨ ਦੇ ਜ਼ੁਬਲ ’ਚ ਆਤਮਘਾਤੀ ਕਾਰ ਹਮਲਾਵਰ ਨੇ ਸੂਬਾਈ ਕੌਂਸਲ ਦੇ ਮੁਖੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ’ਚ ਘੱੱਟੋ-ਘੱਟੋ 12 ਲੋਕਾਂ ਦੀ ਮੌਤ ਹੋ ਗਈ ਜਦਕਿ ਬੱਚਿਆਂ ਸਣੇ 12 ਹੋਰ ਜ਼ਖ਼ਮੀ ਹੋ ਗਏ। ਸੂਬਾਈ ਕੌਂਸਲ ਦੇ ਮੁਖੀ ਇਸ ਹਮਲੇ ’ਚ ਬਚ ਗਏ, ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਕਿਸੇ ਵੀ ਗੁੱਟ ਵੱਲੋਂ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਗਈ। -ਏਪੀ