ਲੰਡਨ, 20 ਜਨਵਰੀ
ਬ੍ਰਿਟੇਨ ’ਚ ਦੋ ਸਿੱਖਾਂ ’ਤੇ ਸੜਕ ’ਤੇ ਹੰਗਾਮਾ ਕਰਨ ਅਤੇ ਇਕ ਵਿਅਕਤੀ ਨੂੰ ਡਰਾਉਣ ਲਈ ਤਲਵਾਰ ਅਤੇ ਚਾਕੂ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ। ਸਕਾਟਲੈਂਡ ਯਾਰਡ (ਪੁਲੀਸ ਹੈੱਡਕੁਆਰਟਰ) ਮੁਤਾਬਕ ਸੁਖਵੀਰ ਸਿੰਘ (22) ਅਤੇ ਲੱਖਾ ਸਿੰਘ (29) ਨੇ ਪੱਛਮੀ ਲੰਡਨ ਦੇ ਸਾਊਥਾਲ ’ਚ ਸੜਕ ’ਤੇ ਹੋਈ ਝੜਪ ’ਚ ਤਲਵਾਰ ਅਤੇ ਚਾਕੂ ਦੀ ਵਰਤੋਂ ਕੀਤੀ ਸੀ। ਦੋਵੇਂ ਸਿੱਖਾਂ ਨੂੰ ਵਿਲਸਡਨ ਮੈਜਿਸਟਰੇਟ ਅਦਾਲਤ ’ਚ ਸੋਮਵਾਰ ਨੂੰ ਪੇਸ਼ ਕੀਤਾ ਗਿਆ। ਉਨ੍ਹਾਂ ’ਤੇ ਹੰਗਾਮਾ ਕਰਨ ਅਤੇ ਜਨਤਕ ਸਥਾਨ ’ਤੇ ਤਿੱਖੇ ਹਥਿਆਰਾਂ ਨਾਲ ਇਕ ਵਿਅਕਤੀ ਨੂੰ ਧਮਕਾਉਣ ਦਾ ਵੀ ਦੋਸ਼ ਹੈ। ਮੈਟਰੋਪਾਲਿਟਨ ਪੁਲੀਸ ਨੇ ਬਿਆਨ ’ਚ ਕਿਹਾ ਕਿ 17 ਜਨਵਰੀ ਨੂੰ ਰਾਤ 12 ਵਜ ਕੇ 20 ਮਿੰਟ ’ਤੇ ਫੋਨ ਆਇਆ ਸੀ ਕਿ ਕਿੰਗ ਸਟਰੀਟ ’ਚ ਕਰੀਬ 30 ਵਿਅਕਤੀ ਚਾਕੂ ਅਤੇ ਤਲਵਾਰਾਂ ਸਣੇ ਵੱਖ ਵੱਖ ਹਥਿਆਰਾਂ ਨਾਲ ਲੜ ਰਹੇ ਹਨ। ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਝੜਪ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਦੋਵੇਂ ਸਿੱਖ ਨੌਜਵਾਨਾਂ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ 15 ਫਰਵਰੀ ਨੂੰ ਆਇਸਲਵਰਥ ਕ੍ਰਾਊਨ ਕੋਰਟ ’ਚ ਪੇਸ਼ ਕੀਤਾ ਜਾਵੇਗਾ। -ਪੀਟੀਆਈ