ਵਾਸ਼ਿੰਗਟਨ, 15 ਜਨਵਰੀ
ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੇ ਕੇਸ ’ਚ ਬਹਿਸ ਲਈ ਆਪਣੇ ਨੌਂ ਸਭ ਤੋਂ ਭਰੋਸੇਯੋਗ ਸਾਥੀਆਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਟਰੰਪ ਨੂੰ ਦੋਸ਼ੀ ਸਾਬਤ ਕਰਨ ਲਈ ਡੈਮੋਕਰੈਟਾਂ ਨੂੰ ਰਿਪਬਲਿਕਨਾਂ ਦੀ ਸੈਨੇਟ ਨੂੰ ਸੰਤੁਸ਼ਟ ਕਰਨਾ ਪਵੇਗਾ। ਇਨ੍ਹਾਂ ਡੈਮੋਕਰੈਟਾਂ ’ਚੋਂ ਜ਼ਿਆਦਾਤਰ ਵਕੀਲ ਹਨ ਜਾਂ ਫਿਰ ਉਨ੍ਹਾਂ ਨੂੰ ਰਾਸ਼ਟਰਪਤੀ ਖ਼ਿਲਾਫ਼ ਜਾਂਚ ਦਾ ਵੱਡਾ ਤਜਰਬਾ ਹੈ। ਅਮਰੀਕਾ ਦੇ ਸੰਸਦ ਭਵਨ ’ਚ ਹਿੰਸਾ ਭੜਕਾਉਣ ਦੇ ਦੋਸ਼ ਹੇਠ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਮਤਾ ਲਿਆਂਦਾ ਜਾ ਚੁੱਕਾ ਹੈ। ਕੈਲੀਫੋਰਨੀਆ ਤੋਂ ਪੈਲੋਸੀ ਦੇ ਮੈਨੇਜਰ ਐਰਿਕ ਸਵਾਲਵੈੱਲ ਨੇ ਕਿਹਾ ਕਿ ਇਹ ਅਜਿਹਾ ਕੇਸ ਹੈ ਜਿਸ ’ਚ ਇਸ ਕੇਸ ਦੇ ਜੱਜ ਵੀ ਪੀੜਤ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮੁਕੱਦਮਾ ਸ਼ੁਰੂ ਕਦੋਂ ਹੋਵੇਗਾ।
ਇਸੇ ਦੌਰਾਨ ਰਿਪਬਲਿਕਨ ਆਗੂ ਟੌਮ ਰਾਈਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਦੇ ਕੇਸ ਦੇ ਹੱਕ ’ਚ ਵੋਟ ਪਾਈ ਹੈ। ਉਨ੍ਹਾਂ ਕਿਹਾ, ‘ਮੈਨੂੰ ਪਤਾ ਹੈ ਕਿ ਮੇਰੇ ਇਸ ਕਦਮ ਨਾਲ ਮੈਂ ਦੁਬਾਰਾ ਰਿਪਬਲਿਕਨ ’ਚ ਨਹੀਂ ਚੁਣਿਆ ਜਾਵਾਂਗਾ ਪਰ ਟਰੰਪ ਹਿੰਸਕ ਭੀੜ ਨੂੰ ਰੋਕਣ ’ਚ ਨਾਕਾਮ ਰਹੇ ਇਸ ਲਈ ਮੇਰੇ ਕੋਲ ਕੋਈ ਹੋਰ ਰਾਹ ਨਹੀਂ ਬਚਿਆ ਸੀ।’ ਜ਼ਿਕਰਯੋਗ ਹੈ ਅਮਰੀਕੀ ਸੰਸਦ ਭਵਨ ’ਚ ਟਰੰਪ ਦੀ ਹਮਾਇਤੀ ਭੀੜ ਵੱਲੋਂ ਕੀਤੀ ਗਈ ਹਿੰਸਾ ਸਮੇਂ ਰਾਈਸ ਨੇ ਇੱਕ ਦਫ਼ਤਰ ’ਚ ਲੁਕ ਕੇ ਜਾਨ ਬਚਾਈ ਸੀ। -ਪੀਟੀਆਈ