ਪੇਈਚਿੰਗ, 3 ਨਵੰਬਰ
ਬਰਤਾਨਵੀ ਅਖ਼ਬਾਰ ਮੁਤਾਬਕ ਚੀਨ ਨੇ 150 ਹੈਕਟੇਅਰ ਨੇਪਾਲੀ ਖੇਤਰ ’ਤੇ ਕਬਜ਼ਾ ਕਰ ਲਿਆ ਹੈ। ਜਦਕਿ ਚੀਨੀ ਵਿਦੇਸ਼ ਮੰਤਰਾਲੇ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਇਸ ਨੂੰ ‘ਕੋਰੀ ਅਫ਼ਵਾਹ’ ਦੱਸਿਆ ਹੈ। ‘ਟੈਲੀਗ੍ਰਾਫ’ ਨੇ ਨੇਪਾਲੀ ਸਿਆਸਤਦਾਨਾਂ ਦੇ ਹਵਾਲੇ ਨਾਲ ਲਿਖਿਆ ਸੀ ਕਿ ਚੀਨ ਨੇ 150 ਹੈਕਟੇਅਰ ਤੋਂ ਵੱਧ ਜ਼ਮੀਨ, ਜਿਸ ਵਿਚ ਸਰਹੱਦ ਨੇੜਲੇ ਪੰਜ ਇਲਾਕੇ ਸ਼ਾਮਲ ਹਨ, ਨੂੰ ਆਪਣੇ ਖੇਤਰ ਵਿਚ ਰਲਾ ਲਿਆ ਹੈ। ਇਸ ਤੋਂ ਇਲਾਵਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਨਦੀ ਦਾ ਰੁਖ਼ ਮੋੜ ਦਿੱਤਾ ਗਿਆ ਹੈ ਤੇ ਡੁੱਬੀ ਜ਼ਮੀਨ ਉਤੇ ਵੀ ਦਾਅਵਾ ਜਤਾਇਆ ਗਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਅਖ਼ਬਾਰ ਦੀ ਰਿਪੋਰਟ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਮਹਿਜ਼ ਅਫ਼ਵਾਹ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਰਿਪੋਰਟ ਤਿਆਰ ਕੀਤੀ ਹੈ, ਉਸ ਨੂੰ ਪਹਿਲਾਂ ਸਬੂਤ ਵੀ ਦੇਣੇ ਚਾਹੀਦੇ ਹਨ।
-ਪੀਟੀਆਈ