ਟੋਕੀਓ, 9 ਜੁਲਾਈ
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਦੇਹ ਅੱਜ ਟੋਕੀਓ ਲਿਆਂਦੀ ਗਈ। ਆਬੇ ਦੀ ਸ਼ੁੱਕਰਵਾਰ ਨੂੰ ਪੱਛਮੀ ਜਾਪਾਨ ਦੇ ਨਾਰਾ ਸ਼ਹਿਰ ’ਚ ਚੋਣ ਪ੍ਰਚਾਰ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ ਪਰ ਖੂਨ ਜ਼ਿਆਦਾ ਵਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਪੁਲੀਸ ਨੇ ਮੌਕੇ ’ਤੇ ਹੀ ਕਾਤਲ ਜਲ ਸੈਨਾ ਦੇ ਸਾਬਕਾ ਮੈਂਬਰ ਤੇਤਸੂਯਾ ਯਾਮਾਗਾਮੀ ਨੂੰ ਫੜ ਲਿਆ ਸੀ। ਪੁਲੀਸ ਮੁਤਾਬਕ ਹਮਲਾਵਰ ਨੇ ਜਾਂਚਕਾਰਾਂ ਕੋਲ ਕਬੂਲ ਕੀਤਾ ਹੈ ਕਿ ਉਸ ਨੇ ਆਬੇ ਨੂੰ ਮਾਰਨ ਦੀ ਸਾਜ਼ਿਸ਼ ਘੜੀ ਸੀ ਕਿਉਂਕਿ ਉਸ ਨੂੰ ਜਾਪਦਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਕਿਸੇ ਇਕ ਖਾਸ ਧਾਰਮਿਕ ਜਥੇਬੰਦੀ ਨਾਲ ਜੁੜੇ ਹੋਏ ਹਨ। ਜਾਪਾਨੀ ਮੀਡੀਆ ਮੁਤਾਬਕ ਉਸ ਨੂੰ ਧਾਰਮਿਕ ਜਥੇਬੰਦੀ ਨਾਲ ਨਫ਼ਰਤ ਸੀ ਜਿਸ ਨਾਲ ਉਸ ਦੀ ਮਾਂ ਵੀ ਜੁੜੀ ਹੋਈ ਸੀ। ਰਿਪੋਰਟਾਂ ’ਚ ਇਸ ਧਾਰਮਿਕ ਜਥੇਬੰਦੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਆਬੇ ਦੀ ਦੇਹ ਲੈ ਕੇ ਕਾਲੇ ਰੰਗ ਦਾ ਵਾਹਨ ਟੋਕੀਓ ਦੇ ਆਲੀਸ਼ਾਨ ਰਿਹਾਇਸ਼ੀ ਇਲਾਕੇ ਸ਼ਬਿੂਆ ਸਥਿਤ ਉਨ੍ਹਾਂ ਦੇ ਘਰ ਪਹੁੰਚਿਆ। ਵਾਹਨ ’ਚ ਆਬੇ ਦੀ ਪਤਨੀ ਵੀ ਸਵਾਰ ਸੀ। -ਏਪੀ
ਮੋਦੀ, ਬਾਇਡਨ ਅਤੇ ਅਲਬਾਨੀਜ਼ ਨੇ ਸਾਂਝੇ ਤੌਰ ’ਤੇ ਅਫ਼ਸੋਸ ਜਤਾਇਆ
ਨਵੀਂ ਦਿੱਲੀ/ਨਿਊਯਾਰਕ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਹੱਤਿਆ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਾਂਝੇ ਤੌਰ ’ਤੇ ਬਿਆਨ ਜਾਰੀ ਕਰਕੇ ਅਫ਼ਸੋਸ ਜਤਾਇਆ ਹੈ। ਇਨ੍ਹਾਂ ਆਗੂਆਂ ਨੇ ਕੁਆਡ ਦੇ ਗਠਨ ’ਚ ਆਬੇ ਵੱਲੋਂ ਪਾਏ ਗਏ ਯੋਗਦਾਨ ਅਤੇ ਆਜ਼ਾਦ ’ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖ਼ਿੱਤੇ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਆਬੇ ਨੂੰ ਸ਼ਰਧਾਂਜਲੀ ਦੇਣ ਲਈ ਹਿੰਦ-ਪ੍ਰਸ਼ਾਂਤ ਖ਼ਿੱਤੇ ਨੂੰ ਸ਼ਾਂਤਮਈ ਅਤੇ ਖੁਸ਼ਹਾਲ ਬਣਾਉਣ ਵਾਸਤੇ ਕੁਆਡ ਦੇ ਕੰਮ ਨੂੰ ਹੋਰ ਜ਼ੋਰ-ਸ਼ੋਰ ਨਾਲ ਕਰਨ ਦਾ ਅਹਿਦ ਲਿਆ। ਇਸ ਤੋਂ ਪਹਿਲਾਂ ਤਿੰਨੋਂ ਆਗੂਆਂ ਨੇ ਵੱਖੋ-ਵੱਖਰੇ ਸੋਗ ਸੁਨੇਹੇ ਜਾਰੀ ਕੀਤੇ ਸਨ। -ਪੀਟੀਆਈ