ਇਸਤਾਂਬੁਲ, 17 ਅਗਸਤ
ਫਿਲਮ ਅਦਾਕਾਰ ਆਮਿਰ ਖ਼ਾਨ ਨੇ ਤੁਰਕੀ ਦੀ ਪ੍ਰਥਮ ਮਹਿਲਾ ਐਮਿਨ ਐਰਦੋਗਨ ਨਾਲ ਮੁਲਾਕਾਤ ਕੀਤੀ। ਉਹ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਤੁਰਕੀ ’ਚ ਹਨ। ਤੁਰਕੀ ਦੇ ਰਾਸ਼ਟਰਪਤੀ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਪ੍ਰਥਮ ਮਹਿਲਾ ਨੇ ਸ਼ਨਿਚਰਵਾਰ ਨੂੰ ਇਸਤਾਂਬੁਲ ਸਥਿਤ ਰਾਸ਼ਟਰਪਤੀ ਦੀ ਰਿਹਾਇਸ਼ ’ਚ ਅਦਾਕਾਰ ਆਮਿਰ ਖਾਨ ਨਾਲ ਮੁਲਾਕਾਤ ਕੀਤੀ। ਸ਼ਨਿਚਰਵਾਰ ਨੂੰ ਭਾਰਤ ਦਾ 74ਵਾਂ ਆਜ਼ਾਦੀ ਦਿਹਾੜਾ ਵੀ ਸੀ। ਪ੍ਰਥਮ ਮਹਿਲਾ ਨੇ ਇਸ ਬਾਰੇ ਟਵੀਟ ਕੀਤਾ, ‘ਮਸ਼ਹੂਰ ਭਾਰਤੀ ਅਦਾਕਾਰ, ਫਿਲਮ ਨਿਰਮਾਤਾ ਤੇ ਨਿਰਦੇਸ਼ਕ ਆਮਿਰ ਖ਼ਾਨ ਨਾਲ ਇਸਤਾਂਬੁਲ ’ਚ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਉਹ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਤੁਰਕੀ ਦੇ ਵੱਖ ਵੱਖ ਹਿੱਸਿਆਂ ’ਚ ਪੂਰੀ ਕਰਨ ਆਏ ਹਨ।’ ਪ੍ਰੈੱਸ ਬਿਆਨ ਅਨੁਸਾਰ ਆਮਿਰ ਖ਼ਾਨ ਨੇ ਦੱਸਿਆ ਕਿ ਉਹ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਤੁਰਕੀ ’ਚ ਪੂਰੀ ਕਰਨਗੇ ਕਿਉਂਕਿ ਕਰੋਨਾਵਾਇਰਸ ਕਾਰਨ ਇਸ ਦੀ ਸ਼ੂਟਿੰਗ ਭਾਰਤ ’ਚ ਪੂਰੀ ਨਾ ਹੋ ਸਕੀ। ਉਨ੍ਹਾਂ ਪ੍ਰਥਮ ਮਹਿਲਾ ਨੂੰ ਫਿਲਮ ਦੇ ਸੈੱਟ ’ਤੇ ਆਉਣ ਦਾ ਵੀ ਸੱਦਾ ਦਿੱਤਾ।
-ਪੀਟੀਆਈ
ਆਲੋਚਕਾਂ ਦੇ ਨਿਸ਼ਾਨੇ ’ਤੇ ਆਏ ਆਮਿਰ
ਮੁੰਬਈ: ਆਮਿਰ ਖਾਨ ਵੱਲੋਂ ਤੁਰਕੀ ਦੀ ਪ੍ਰਥਮ ਮਹਿਲਾ ਐਮਿਨ ਐਰਦੋਗਨ ਨਾਲ ਮੁਲਾਕਾਤ ਕੀਤੇ ਜਾਣ ਮਗਰੋਂ ਭਾਜਪਾ ਦੇ ਰਾਜ ਸਭਾ ਮੈਂਬਰ ਐੱਮਪੀ ਸੁਬਰਾਮਨੀਅਨ ਸਵਾਮੀ ਨੇ ਅਦਾਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ‘ਅਖੀਰ ਮੈਂ ਆਮਿਰ ਖਾਨ ਨੂੰ ਤਿੰਨ ਖ਼ਾਨ ਮੁਸਕੀਟੀਅਰਜ਼ ’ਚੋਂ ਇੱਕ ਕਹਿਣ ਦੇ ਮਾਮਲੇ ’ਚ ਸਹੀ ਸਾਬਤ ਹੋਇਆ ਹਾਂ।’ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਟਵੀਟ ਕੀਤਾ, ‘ਪਿਆਰੇ ਆਮਿਰ ਖ਼ਾਨ ਮੈਨੂੰ ਇਹ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ 74ਵੇਂ ਆਜ਼ਾਦੀ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਵਧਾਈ ਨਹੀਂ ਦਿੱਤੀ।’ ਇਸੇ ਤਰ੍ਹਾਂ ਫਿਲਮਸਾਜ਼ ਵਿਵੇਕ ਅਗਨੀਹੋਤਰੀ ਨੇ ਵੀ ਆਮਿਰ ਖ਼ਾਨ ਦੀ ਆਲੋਚਨਾ ਕੀਤੀ ਹੈ। ਦੂਜੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਅਲੋਕ ਕੁਮਾਰ ਨੇ ਕਿਹਾ ਕਿ ਇਸ ਫਿਲਮ ਅਦਾਕਾਰ ਤੇ ਕੁਝ ਖਾਸ ਵਿਅਕਤੀਆਂ ਦਾ ਦੇਸ਼ ਵਿਰੋਧੀ ਤਾਕਤਾਂ ਪ੍ਰਤੀ ਪ੍ਰੇਮ ਵੱਧਦਾ ਜਾ ਰਿਹਾ ਹੈ।
-ਆਈਏਐੱਨਐੱਸ