ਕੇਪਟਾਊਨ, 2 ਜਨਵਰੀ
ਦੱਖਣੀ ਅਫ਼ਰੀਕਾ ਦੇ ਸੰਸਦ ਭਵਨ ’ਚ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਕਾਰਨ ਕਈ ਦਫ਼ਤਰ ਅਤੇ ਇਮਾਰਤ ਦੀਆਂ ਛੱਤਾਂ ਡਿੱਗ ਗਈਆਂ ਹਨ। ਅੱਗ ਬੁਝਾਊ ਦਸਤਿਆਂ ਨੂੰ ਅੱਗ ’ਤੇ ਕਾਬੂ ਪਾਉਣ ਲਈ ਮੁਸ਼ੱਕਤ ਕਰਨੀ ਪਈ। ਅੱਗ ਕਾਰਨ ਕੇਪਟਾਊਨ ਸ਼ਹਿਰ ਉਪਰ ਧੂੰਏਂ ਦਾ ਕਾਲਾ ਗੁਬਾਰ ਛਾ ਗਿਆ। ਅੱਗ ਬੁਝਾਊ ਅਮਲੇ ਦੇ 70 ਕਰਮੀ ਸੱਤ ਘੰਟਿਆਂ ਤੋਂ ਅੱਗ ’ਤੇ ਕਾਬੂ ਪਾਉਣ ਲਈ ਸੰਘਰਸ਼ ਕਰ ਰਹੇ ਸਨ। ਛੁੱਟੀਆਂ ਹੋਣ ਕਾਰਨ ਸੰਸਦ ਬੰਦ ਸੀ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਪਹੁੰਚੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕਿਹਾ ਕਿ ਪੁਲੀਸ ਨੇ ਇਕ ਵਿਅਕਤੀ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਹੈ। ਕੇਪਟਾਊਨ ਦੇ ਸੁਰੱਖਿਆ ਅਧਿਕਾਰੀ ਜੇ ਪੀ ਸਮਿੱਥ ਨੇ ਕਿਹਾ ਕਿ ਕੁਝ ਛੱਤਾਂ ਡਿੱਗ ਗਈਆਂ ਹਨ ਅਤੇ ਸੰਸਦੀ ਭਵਨ ਦੀ ਇਕ ਮੰਜ਼ਿਲ ਨਸ਼ਟ ਹੋ ਗਈ ਹੈ। ਅੱਗ ਬੁਝਾਊ ਦਸਤਿਆਂ ਵੱਲੋਂ ਨੈਸ਼ਨਲ ਅਸੈਂਬਲੀ ਇਮਾਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਥੇ ਦੱਖਣੀ ਅਫ਼ਰੀਕਾ ਦੇ ਸੰਸਦ ਮੈਂਬਰ ਬੈਠਦੇ ਹਨ। ਅੱਗ ਕਾਰਨ ਇਤਿਹਾਸਕ ਇਮਾਰਤਾਂ ਦੇ ਡਿੱਗਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਅੱਗ ਸਵੇਰੇ ਕਰੀਬ ਛੇ ਵਜੇ ਲੱਗੀ ਅਤੇ ਸੁਰੱਖਿਆ ਕਰਮੀਆਂ ਨੇ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ। ਪੁਲੀਸ ਨੇ ਸਾਰੇ ਕੰਪਲੈਕਸ ਦੀ ਘੇਰਾਬੰਦੀ ਕਰਕੇ ਨੇੜਲੀਆਂ ਸੜਕਾਂ ਬੰਦ ਕਰ ਦਿੱਤੀਆਂ ਹਨ। ਅੱਗ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਸ਼ੁਰੂ ਹੋਈ ਜਿਥੋਂ ਇਹ ਨੈਸ਼ਨਲ ਅਸੈਂਬਲੀ ਤੱਕ ਫੈਲ ਗਈ। ਪਬਲਿਕ ਵਰਕਸ ਬਾਰੇ ਮੰਤਰੀ ਪੈਟਰੀਸ਼ੀਆ ਡੀ ਲਿਲੀ ਨੇ ਕਿਹਾ ਕਿ ਇਹ ਜਮਹੂਰੀਅਤ ਦਾ ਸਭ ਤੋਂ ਨਿਰਾਸ਼ਾ ਭਰਿਆ ਦਿਨ ਹੈ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੂੰ ਅੱਗ ਲੱਗਣ ਅਤੇ ਬਚਾਅ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ। ਰਾਸ਼ਟਰਪਤੀ ਅਤੇ ਹੋਰ ਕਈ ਆਗੂ ਆਰਚਬਿਸ਼ਪ ਡੈਸਮੰਡ ਟੁਟੂ ਨੂੰ ਅੰਤਿਮ ਵਿਦਾਇਗੀ ਦੇਣ ਲਈ ਸ਼ਨਿਚਰਵਾਰ ਨੂੰ ਕੇਪਟਾਊਨ ’ਚ ਹੀ ਮੌਜੂਦ ਸਨ। -ਏਪੀ