ਕਰਾਚੀ, 20 ਅਕਤੂਬਰ
ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਤੋਂ ਅਗਵਾ ਕਰਕੇ ਜਬਰੀ ਮੁਸਲਮਾਨ ਬਣਾ ਕੇ ਮੁਸਲਿਮ ਵਿਅਕਤੀ ਨਾਲ ਵਿਆਹੀ ਗਈ ਹਿੰਦੂ ਲੜਕੀ ਨੂੰ ਅੱਜ ਇਕ ਅਦਾਲਤ ਨੇ ਸੁਰੱਖਿਅਤ ਆਸ਼ਰਮ ਭੇਜ ਦਿੱਤਾ। ਅਦਾਲਤ ਨੇ ਇਹ ਵੀ ਹੁਕਮ ਦਿੱਤੇ ਕਿ ਉਹ ਮਾਪਿਆਂ ਨਾਲ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਉਸ ਨੂੰ ਮਾਪਿਆਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਅਦਾਲਤ ਨੇ ਲੜਕੀ ਦਾ ਮੈਡੀਕਲ ਕਰਾਉਣ ਦੇ ਹੁਕਮ ਵੀ ਦਿੱਤੇ। ਆਪਣੀ ਵੱਡੀ ਭੈਣ ਨਾਲ ਮਿੱਲ ’ਚ ਕੰਮ ਕਰਦੀ ਲੜਕੀ ਜਦੋਂ 12 ਅਗਸਤ ਨੂੰ ਘਰ ਪਰਤ ਰਹੀ ਸੀ ਤਾਂ ਚਾਰ ਵਿਅਕਤੀਆਂ ਨੇ ਉਸ ਨੂੰ ਹੈਦਰਾਬਾਦ ਦੇ ਫਤਿਹ ਚੌਕ ਤੋਂ ਅਗਵਾ ਕਰ ਲਿਆ ਸੀ। ਉਸ ਦੇ ਮਾਪਿਆਂ ਅਤੇ ਵਕੀਲ ਮੁਤਾਬਕ ਲੜਕੀ ਨੂੰ ਜਬਰੀ ਇਸਲਾਮ ਕਬੂਲ ਕਰਾਉਣ ਮਗਰੋਂ ਉਸ ਦਾ ਇਕ ਅਗਵਾਕਾਰ ਨਾਲ ਵਿਆਹ ਕਰਵਾ ਦਿੱਤਾ ਸੀ। ਮਾਪੇ ਧੀ ਦੀ ਸੁਰੱਖਿਆ ਲਈ ਪੁਲੀਸ ਸਟੇਸ਼ਨ ਵੀ ਗਏ ਸਨ ਪਰ ਪੁਲੀਸ ਨੇ ਕੇਸ ਦਰਜ ਨਹੀਂ ਸੀ ਕੀਤਾ। ਬਾਅਦ ’ਚ ਪੁਲੀਸ ਤੇ ਮਨੁੱਖੀ ਹੱਕਾਂ ਦੇ ਅਧਿਕਾਰੀਆਂ ਨੇ ਲੜਕੀ ਨੂੰ ਬਲੋਚਿਸਤਾਨ ਤੋਂ ਲੱਭ ਕੇ ਹੈਦਰਾਬਾਦ ਲਿਆਂਦਾ ਸੀ। ਉਸ ਦੇ ਕਥਿਤ ਪਤੀ ਨੇ ਲੜਕੀ ਦੇ ਮਾਪਿਆਂ ਖ਼ਿਲਾਫ਼ ਅਦਾਲਤ ’ਚ ਕੇਸ ਕੀਤਾ ਸੀ। ਉਸ ਨੇ ਲੜਕੀ ਦੇ 19 ਸਾਲ ਹੋਣ ਸਬੰਧੀ ਅਤੇ ਵਿਆਹ ਦਾ ਸਰਟੀਫਿਕੇਟ ਵੀ ਅਦਾਲਤ ’ਚ ਪੇਸ਼ ਕੀਤਾ ਸੀ ਪਰ ਮਾਪਿਆਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਨਾਬਾਲਗ ਹੈ ਅਤੇ ਪੁਲੀਸ ਸਹਿਯੋਗ ਨਹੀਂ ਕਰ ਰਹੀ ਹੈ। -ਪੀਟੀਆਈ