ਲੰਡਨ, 30 ਅਪਰੈਲ
ਪੂਰਬੀ ਲੰਡਨ ਦੇ ਟਿਊਬ ਸਟੇਸ਼ਨ ਨੇੜੇ ਤਲਵਾਰ ਨਾਲ ਕੀਤੇ ਹਮਲੇ ਵਿਚ 14 ਸਾਲਾ ਬੱਚੇ ਦੀ ਮੌਤ ਹੋ ਗਈ, ਜਦੋਂਕਿ ਦੋ ਪੁਲੀਸ ਅਧਿਕਾਰੀਆਂ ਸਣੇ ਘੱਟੋ-ਘੱਟ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਮੈਟਰੋਪੌਲਿਟਨ ਪੁਲੀਸ ਨੇ ਕਿਹਾ ਕਿ 36 ਸਾਲਾ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਪਹਿਲੀ ਨਜ਼ਰੇ ਇਸ ਹਮਲੇ ਦਾ ਦਹਿਸ਼ਤੀ ਘਟਨਾ ਨਾਲ ਕੋਈ ਵਾਹ-ਵਾਸਤਾ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਇਸ ਨੂੰ ‘ਦਿਲ ਦਹਿਲਾਉਣ ਵਾਲੀ ਘਟਨਾ’ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਅਜਿਹੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਯੂਕੇ ਦੇ ਗ੍ਰਹਿ ਮੰਤਰੀ ਜੇਮਸ ਕਲੈਵਰਲੀ ਨੇ ਐਕਸ ’ਤੇ ਕਿਹਾ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਨਿਯਮਤ ਜਾਣਕਾਰੀ ਦਿੱਤੀ ਜਾ ਰਹੀ ਹੈ। ਮੈਟਰੋੋਪੌਲਿਟਨ ਪੁਲੀਸ ਦੇ ਡਿਪਟੀ ਸਹਾਇਕ ਕਮਿਸ਼ਨਰ ਐਡੇ ਐਡੇਲੇਕਨ ਨੇ ਕਿਹਾ ਕਿ ਇਸ ਘਟਨਾ ਕਾਰਨ ਲੋਕ ਹੈਰਾਨ ਪ੍ਰੇਸ਼ਾਨ ਹਨ। ਪੁਲੀਸ ਨੂੰ ਸਵੇਰੇ ਸੱਤ ਵਜੇ ਦੇ ਕਰੀਬ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ। ਸੋਸ਼ਲ ਮੀਡੀਆ ’ਤੇ ਨਸ਼ਰ ਵੀਡੀਓ ਵਿਚ ਇੱਕ ਦਾੜ੍ਹੀ ਵਾਲਾ ਸ਼ਖ਼ਸ ਲੰਡਨ ਦੇ ਹੈਨੌਲਟ ਇਲਾਕੇ ਵਿੱਚ ਤਲਵਾਰ ਲਹਿਰਾਉਂਦਾ ਨਜ਼ਰ ਆ ਰਿਹਾ ਹੈ। -ਪੀਟੀਆਈ