ਨਿਊਯਾਰਕ, 11 ਸਤੰਬਰ
ਰਾਸ਼ਟਰਪਤੀ ਜੋਅ ਬਾਇਡਨ ਨੇ 20 ਸਾਲ ਪਹਿਲਾਂ 11 ਸਤੰਬਰ 2001 ਨੂੰ ਅਮਰੀਕਾ ਦੇ ਇਤਿਹਾਸ ਵਿਚ ਹੋਏ ਹੁਣ ਤੱਕ ਦੇ ਸਭ ਤੋਂ ਭਿਆਨਕ ਅਤਿਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਹੋਏ ਰਾਸ਼ਟਰ ਤੋਂ ਸਹਿਯੋਗ ਦੀ ਉਸ ਭਾਵਨਾ ਨੂੰ ਮੁੜ ਪੈਦਾ ਕਰਨ ਦੀ ਅਪੀਲ ਕੀਤੀ ਜੋ ਅਤਿਵਾਦੀ ਹਮਲਿਆਂ ਤੋਂ ਬਾਅਦ ਦੇ ਦਿਨਾਂ ਵਿਚ ਉੱਭਰੀ ਸੀ। ਜਦੋਂ ਅਗਵਾਕਾਰਾਂ ਨੇ ਚਾਰ ਜਹਾਜ਼ਾਂ ਨੂੰ ਅਗਵਾ ਕਰ ਕੇ ਦੇਸ਼ ਦੇ ਸਭ ਤੋਂ ਖ਼ਤਰਨਾਕ ਅਤਿਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ ਉਦੋਂ ਬਾਇਡਨ ਸੈਨੇਟਰ ਸਨ ਅਤੇ ਹੁਣ ਉਹ ਕਮਾਂਡਰ ਇਨ ਚੀਫ਼ ਦੇ ਰੂਪ ਵਿਚ ਪਹਿਲੀ ਵਾਰ 9/11 ਦੀ ਬਰਸੀ ਮਨਾ ਰਹੇ ਹਨ।
ਰਾਸ਼ਟਰਪਤੀ ਦਾ ਉਨ੍ਹਾਂ ਤਿੰਨੋਂ ਥਾਵਾਂ ’ਤੇ ਸ਼ਰਧਾਂਜਲੀ ਭੇਟ ਕਰਨ ਦਾ ਪ੍ਰੋਗਰਾਮ ਹੈ ਜਿੱਥੇ-ਜਿੱਥੇ ਜਹਾਜ਼ ਹਮਲੇ ਹੋਏ ਸਨ। ਉਹ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ, ਪੈਂਟਾਗਨ ਅਤੇ ਸ਼ੈਂਕਸਵਿਲੇ ਨੇੜੇ ਇਕ ਖੇਤ ਵਿਚ ਜਾਣਗੇ। ਇਸ ਦੌਰਾਨ ਉਹ ਭਾਸ਼ਣ ਨਹੀਂ ਦੇਣਗੇ ਬਲਕਿ ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਬਾਇਡਨ ਦਾ ਪਹਿਲਾਂ ਤੋਂ ਰਿਕਾਰਡ ਕੀਤਾ ਭਾਸ਼ਣ ਜਾਰੀ ਕੀਤਾ ਜਿਸ ਵਿਚ ਰਾਸ਼ਟਰਪਤੀ ‘ਕੌਮੀ ਏਕਤਾ ਦੀ ਸੱਚੀ ਭਾਵਨਾ’ ਬਾਰੇ ਗੱਲ ਕਰ ਰਹੇ ਹਨ ਜੋ ਹਮਲਿਆਂ ਤੋਂ ਬਾਅਦ ਪੈਦਾ ਹੋਈ ਸੀ ਅਤੇ ਸੰਭਾਵੀ ਤੇ ਗੈਰ-ਸੰਵਭਾਵੀ ਥਾਵਾਂ ’ਤੇ ਬਹਾਦਰੀ ਦੇ ਰੂਪ ਵਿਚ ਦੇਖੀ ਗਈ ਸੀ।
ਬਾਇਡਨ ਨੇ ਕਿਹਾ, ‘‘ਮੇਰੇ ਖਿਆਲ ਨਾਲ 11 ਸਤੰਬਰ ਨੂੰ ਲੈ ਕੇ ਮੁੱਖ ਸਬਕ ਇਹੀ ਹੈ ਕਿ ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ।’’ ਬਾਇਡਨ ਸ਼ੁੱਕਰਵਾਰ ਰਾਤ ਨੂੰ ਨਿਊਯਾਰਕ ਪਹੁੰਚੇ ਜਿੱਥੇ ਅਸਮਾਨ ਵਿਚ ‘‘ਟ੍ਰਬਿਿਊਟ ਇਨ ਲਾਈਟ’’ ਪ੍ਰਕਾਸ਼ਮਾਨ ਹੋ ਰਹੀ ਸੀ। ਇਸ ਵਿਚ, ਉਨ੍ਹਾਂ ਥਾਵਾਂ ’ਤੇ ਸਿੱਧੀ ਰੌਸ਼ਨੀ ਕੀਤੀ ਜਾਂਦੀ ਹੈ ਜਿੱਥੇ ਕਦੇ ਇਹ ਟਾਵਰ ਸਨ। ਉਹ ਸ਼ਨਿਚਰਵਾਰ ਨੂੰ ਸਭ ਤੋਂ ਪਹਿਲਾਂ ‘ਨੈਸ਼ਨਲ ਸਤੰਬਰ 11 ਯਾਦਗਾਰ’ ਜਾਣਗੇ ਜਿੱਥੇ ਵਰਲਡ ਟਰੇਡ ਸੈਂਟਰ ਦੇ ਟਵਿਨ ਟਾਵਰ ਅਤਿਵਾਦੀਆਂ ਨੇ ਜਹਾਜ਼ ਨਾਲ ਹਮਲਾ ਕਰ ਕੇ ਢਹਿ-ਢੇਰੀ ਕਰ ਦਿੱਤੇ ਸਨ।
ਇਸ ਤੋਂ ਬਾਅਦ ਉਹ ਪੈਨਸਿਲਵੇਨੀਆ ਦੇ ਸੈਂਕਸਵਿਲੇ ਦੇ ਇਕ ਖੇਤ ਵਿਚ ਜਾਣਗੇ ਜਿੱਥੇ ਜਹਾਜ਼ ਦੇ ਯਾਤਰੀਆਂ ਨੇ ਅਤਿਵਾਦੀਆਂ ਨਾਲ ਮਕਾਬਲਾ ਕੀਤਾ ਸੀ ਤਾਂ ਜੋ ਜਹਾਜ਼ ਨੂੰ ਵਾਸ਼ਿੰਗਟਨ ਸਥਿਤ ਉਸ ਦੇ ਟੀਚੇ ਤੱਕ ਪਹੁੰਚਣ ਤੋਂ ਰੋਕਿਆ ਜਾ ਸਕੇ ਤੇ ਅਖ਼ੀਰ ਜਹਾਜ਼ ਇੱਥੇ ਹੀ ਡਿੱਗ ਗਿਆ ਸੀ। ਅੰਤ ਵਿਚ ਬਾਇਡਨ ਪੈਂਟਾਗਨ ਜਾਣਗੇ। ਬਾਇਡਨ ਨੇ ਆਪਣੇ ਵੀਡੀਓ ਸੁਨੇਹੇ ਵਿਚ ਕਿਹਾ, ‘‘ਭਾਵੇਂ ਕਿੰਨਾ ਵੀ ਸਮਾਂ ਕਿਉਂ ਨਾ ਬੀਤ ਜਾਵੇ ਪਰ ਇਹ ਪਲ ਉਸ ਦਰਦ ਦੀ ਯਾਦ ਇਸ ਤਰ੍ਹਾਂ ਤਾਜ਼ਾ ਕਰ ਦਿੰਦੇ ਹਨ ਜਿਵੇਂ ਕਿ ਤੁਹਾਨੂੰ ਇਹ ਖ਼ਬਰ ਕੁਝ ਸਕਿੰਟ ਪਹਿਲਾਂ ਹੀ ਮਿਲੀ ਹੋਵੇ।’’
ਉੱਧਰ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 9/11 ਦੇ ਬਹਾਦਰਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਇਕ ਗੱਲ ਸਪੱਸ਼ਟ ਹੈ ਕਿ ਅਮਰੀਕਾ ਹਮੇਸ਼ਾ ਤੋਂ ਬਹਾਦਰਾਂ ਦਾ ਘਰ ਰਿਹਾ ਹੈ। -ਏਪੀ
ਅਤਿਵਾਦ ਮੁਕਤ ਭਵਿੱਖ ਲਈ ਕੌਮਾਂਤਰੀ ਭਾਈਚਾਰੇ ਦੇ ਸੰਕਲਪ ਨੂੰ ਚੇਤੇ ਕਰਦੇ ਹਾਂ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ: ਦੁਨੀਆ ਜਦੋਂ 11 ਸਤੰਬਰ ਦੇ ਹਮਲਿਆਂ ਦੀ 20ਵੀਂ ਬਰਸੀ ਮੌਕੇ ਸੋਗ ਮਨਾ ਰਹੀ ਹੈ ਤਾਂ ਅਜਿਹੇ ਵਿਚ ਸੰਯੁਕਤ ਰਾਸ਼ਟਰ ਅਤਿਵਾਦ ਮੁਕਤ ਭਵਿੱਖ ਲਈ ਕੌਮਾਂਤਰੀ ਭਾਈਚਾਰੇ ਵੱਲੋਂ 20 ਸਾਲ ਪਹਿਲਾਂ ਜ਼ਾਹਿਰ ਕੀਤੀ ਗਈ ਏਕਤਾ ਤੇ ਸੰਕਲਪ ਨੂੰ ਯਾਦ ਕਰ ਰਿਹਾ ਹੈ। ਇਹ ਗੱਲ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਹੀ। ਗੁਟੇਰੇਜ਼ ਨੇ 11 ਸਤੰਬਰ ਦੇ ਅਤਿਵਾਦੀ ਹਮਲਿਆਂ ਦੀ 20ਵੀਂ ਬਰਸੀ ਮੌਕੇ ਆਪਣੇ ਸੁਨੇਹੇ ਵਿਚ ਸ਼ੁੱਕਰਵਾਰ ਨੂੰ ਕਿਹਾ, ‘‘ਅੱਜ ਅਸੀਂ ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਦਿਲ ਵਿਚ ਘਰ ਕਰ ਚੁੱਕੇ ਇਕ ਕਾਲੇ ਦਿਨ ਨੂੰ ਯਾਦ ਕਰਦੇ ਹਾਂ। ਸੰਯੁਕਤ ਰਾਸ਼ਟਰ ਇਸ ਹਾਦਸੇ ਦਾ ਦਰਦ ਝੱਲਣ ਵਾਲੇ ਲੋਕਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦਾ ਹੈ। ਨਾਲ ਹੀ ਅਸੀਂ ਅਤਿਵਾਦ ਮੁਕਤ ਭਵਿੱਖ ਦਾ ਟੀਚਾ ਰੱਖਦੇ ਹੋਏ ਕੌਮਾਂਤਰੀ ਭਾਈਚਾਰੇ ਵੱਲੋਂ 20 ਸਾਲ ਪਹਿਲਾਂ ਜ਼ਾਹਿਰ ਕੀਤੀ ਗਈ ਇਕਜੁੱਟਤਾ, ਏਕਤਾ ਤੇ ਸੰਕਲਪ ਨੂੰ ਚੇਤੇ ਕਰਦੇ ਹਾਂ।’’ -ਪੀਟੀਆਈ