ਕੋਲੰਬੋ, 12 ਸਤੰਬਰ
ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਇੱਕ ਨਵੀਂ ਰਿਪੋਰਟ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ 2.20 ਕਰੋੜ ਦੀ ਆਬਾਦੀ ਵਾਲੇ ਦੇਸ਼ ਸ੍ਰੀਲੰਕਾ ਵਿੱਚ ਕਰੀਬ 63 ਲੱਖ ਲੋਕ ਭੁੱਖਮਰੀ ਦੇ ਸ਼ਿਕਾਰ ਹਨ ਅਤੇ ਜੇਕਰ ਜਲਦੀ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤਾਂ ਸਮੇਤ ਲੋੜੀਂਦੀ ਮਦਦ ਮੁਹੱਈਆ ਨਾ ਕਰਵਾਈ ਗਈ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ (ਡਬਲਿਊਐੱਫਪੀ) ਤੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (ਐੱਫਏਓ) ਦੀ ਸਾਂਝੀ ਰਿਪੋਰਟ ਅਨੁਸਾਰ ਵਿਦੇਸ਼ੀ ਮੁਦਰਾ ਦੀ ਘਾਟ ਅਤੇ ਲਗਾਤਾਰ ਦੋ ਸੀਜ਼ਨਾਂ ਦੌਰਾਨ ਖਰਾਬ ਹੋਈਆਂ ਫ਼ਸਲਾਂ ਕਾਰਨ ਉਤਪਾਦਨ 50 ਫ਼ੀਸਦੀ ਘਟ ਗਿਆ ਹੈ, ਜਿਸ ਕਾਰਨ ਅਨਾਜ ਦਰਾਮਦ ਕਰਨ ਦੀ ਦਰ ਵੀ ਘਟੀ ਹੈ। ਰਿਪੋਰਟ ਵਿੱਚ ਚਿਤਾਵਨੀ ਦਿੱਤੀ ਹੈ ਕਿ ਮਦਦ ਤੋਂ ਬਿਨਾਂ ਅਕਤੂਬਰ 2022 ਤੋਂ ਫਰਵਰੀ 2023 ਦੇ ਸੀਜ਼ਨ ਦੌਰਾਨ ਦੌਰਾਨ ਚੌਲਾਂ ਦੀ ਘਾਟ ਤੇ ਆਰਥਿਕ ਮੰਦੀ ਕਾਰਨ ਸ੍ਰੀਲੰਕਾ ਦੇ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਹੈ। ਸ੍ਰੀਲੰਕਾ ਵਿੱਚ ਐੱਫਏਓ ਦੇ ਤਰਜਮਾਨ ਵਿਮਲੇਂਦਰ ਸ਼ਰਨ ਨੇ ਕਿਹਾ ਕਿ ਭੋਜਨ ਸੁਰੱਖਿਆ ਦੇ ਹਾਲਾਤ ਹੋਰ ਵਿਗੜਨ ਤੋਂ ਰੋਕਣ ਤੇ ਖੇਤੀ ਉਤਪਾਦਨ ਵਧਾਉਣ ਲਈ ਛੋਟੇ ਕਿਸਾਨਾਂ ਦੀ ਬਾਂਹ ਫੜਨ ਦੀ ਲੋੜ ਹੈ। ਡਬਲਿਊਐੱਫਪੀ ਦੇ ਸ੍ਰੀਲੰਕਾ ਵਿੱਚ ਡਾਇਰੈਕਟਰ ਅਬਦੁਰ ਰਹੀਮ ਸਿੱਦੀਕੀ ਨੇ ਕਿਹਾ ਕਿ ਮਹੀਨਿਆਂ ਤੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਕੋਲ ਆਨਾਜ ਦੀ ਘਾਟ ਹੈ। ਦੇਸ਼ ਦੇ 60 ਫ਼ੀਸਦੀ ਲੋਕ ਸਸਤੇ ਭੋਜਨ ਨਾਲ ਗੁਜ਼ਾਰਾ ਕਰ ਰਹੇ ਹਨ, ਜਿਨ੍ਹਾਂ ਵਿੱਚ ਲੋੜੀਂਦੇ ਪੌਸ਼ਟਿਕ ਤੱਤਾਂ ਦੀ ਘਾਟ ਹੈ। -ਪੀਟੀਆਈ