ਨਿਊਯਾਰਕ: ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਤੋਂ ਪ੍ਰੇਰਣਾ ਲੈ ਕੇ ਓਵਰਸੀਜ਼ ਕਾਂਗਰਸ ਅਮਰੀਕਾ ਵੱਲੋਂ ਇੱਥੇ ‘ਯੂਨਿਟੀ ਵਾਕ’ ਕੀਤਾ ਗਿਆ ਹੈ। ਇਹ ਪੈਦਲ ਯਾਤਰਾ ਟਾਈਮਜ਼ ਸਕੁਏਅਰ ਤੋਂ ਕੱਢੀ ਗਈ ਤੇ ਭਾਰਤ ਵਿਚ ਏਕਾ ਅਤੇ ਸ਼ਾਂਤੀ ਕਾਇਮ ਰੱਖਣ ਦਾ ਸੁਨੇਹਾ ਦਿੱਤਾ ਗਿਆ। ਭਾਰਤੀ ਭਾਈਚਾਰੇ ਦੇ 300 ਮੈਂਬਰਾਂ ਨੇ ਇਸ ਵਾਕ ਵਿਚ ਹਿੱਸਾ ਲਿਆ। ਯਾਤਰਾ ਡਾਊਨਟਾਊਨ ਮੈਨਹੱਟਨ ਦੇ ਯੂਨੀਅਨ ਸਕੁਏਅਰ ਉਤੇ ਲੱਗੇ ਗਾਂਧੀ ਦੇ ਬੁੱਤ ਕੋਲ ਖ਼ਤਮ ਹੋਈ। ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੌਦਾ ਨੇ ਇਸ ਵਾਕ ਨੂੰ ਹਰੀ ਝੰਡੀ ਦਿੱਤੀ। ਪਿਤਰੌਦਾ ਨੇ ਭਾਰਤੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਲੋਕਤੰਤਰ, ਆਜ਼ਾਦੀ, ਮਨੁੱਖੀ ਹੱਕਾਂ, ਨਿਆਂ, ਬਰਾਬਰੀ ਦੇ ਆਦਰਸ਼ਾਂ ਉਤੇ ਪਹਿਰਾ ਦਿੰਦੇ ਰਹਿਣ। -ਪੀਟੀਆਈ