ਕੋਲੰਬੋ, 23 ਅਗਸਤ
ਸ੍ਰੀਲੰਕਾ ਦੀ ਮਨੁੱਖੀ ਅਧਿਕਾਰਾਂ ਬਾਰੇ ਚੋਟੀ ਦੀ ਸੰਸਥਾ ਨੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੂੰ ਅਪੀਲ ਕੀਤੀ ਹੈ ਕਿ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਤੇ ਉਨ੍ਹਾਂ ਦੇ ਪਰਿਵਾਰ ਦੀ ਸ੍ਰੀਲੰਕਾ ਵਿੱਚ ਵਾਪਸੀ ਯਕੀਨੀ ਬਣਾਈ ਜਾਵੇ ਅਤੇ ਸੰਵਿਧਾਨ ਮੁਤਾਬਕ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਸ੍ਰੀਲੰਕਾ ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ (ਐੱਚਆਰਸੀਐੱਸਐੱਲ) ਨੇ ਬੀਤੇ ਦਿਨ ਇਕ ਪੱਤਰ ਵਿੱਚ ਕਿਹਾ ਕਿ ਉਸ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਨੇ ਡਰ ਤੇ ਦਬਾਅ ਹੇਠ ਆਪਣਾ ਅਸਤੀਫਾ ਦਿੱਤਾ ਸੀ ਅਤੇ ਸਰਕਾਰ ਇਸ ਦੌਰਾਨ ਉਨ੍ਹਾਂ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਅਸਫ਼ਲ ਰਹੀ ਸੀ। ਕਮਿਸ਼ਨ ਨੇ ਕਿਹਾ, ‘‘ਅਤੇ ਹੁਣ, ਸਾਬਕਾ ਰਾਸ਼ਟਰਪਤੀ ਤੇ ਉਨ੍ਹਾਂ ਦਾ ਪਰਿਵਾਰ ਆਪਣੇ ਦੇਸ਼ ਪਰਤਣਾ ਚਾਹੁੰਦਾ ਹੈ। ਇਹ ਸ਼ਿਕਾਇਤਾਂ ਇਸ ਆਧਾਰ ’ਤੇ ਕੀਤੀਆਂ ਗਈਆਂ ਹਨ ਕਿ ਧਮਕੀਆਂ ਮਿਲਣ ਕਾਰਨ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪਰਿਵਾਰ ਦੇਸ਼ ਨਹੀਂ ਪਰਤ ਸਕਦੇ ਜੋ ਕਿ ਸੰਵਿਧਾਨ ਅਧੀਨ ਹਰੇਕ ਨਾਗਰਿਕ ਨੂੰ ਮਿਲੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ।’’
ਕਮਿਸ਼ਨ ਨੇ ਸੰਵਿਧਾਨ ਦੀ ਧਾਰਾ 14 (1) ਦਾ ਹਵਾਲਾ ਵੀ ਦਿੱਤਾ ਹੈ ਜਿਸ ਮੁਤਾਬਕ ‘‘ਹਰੇਕ ਨਾਗਰਿਕ ਨੂੰ ਸ੍ਰੀਲੰਕਾ ਪਰਤਣ ਦੀ ਆਜ਼ਾਦੀ ਹੈ।’’ ਮਨੁੱਖੀ ਅਧਿਕਾਰ ਸੰਸਥਾ ਨੇ ਕਿਹਾ ਕਿ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਗੋਟਾਬਾਯਾ ਰਾਜਪਕਸੇ ਅਤੇ ਉਸ ਦਾ ਪਰਿਵਾਰ ਜੋ ਕਿ ਦੇਸ਼ ਦੇ ਨਾਗਰਿਕ ਹਨ, ਜ਼ਿੰਦਗੀਆਂ ਨੂੰ ਖ਼ਤਰਾ ਹੋਣ ਕਾਰਨ ਵਾਪਸ ਦੇਸ਼ ਨਹੀਂ ਪਰਤ ਰਹੇ ਹਨ, ਇਸ ਵਾਸਤੇ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਸ੍ਰੀਲੰਕਾ ਸਰਕਾਰ ਖਤਰੇ ਸਬੰਧੀ ਹਾਲਾਤ ਦਾ ਮੁਲਾਂਕਣ ਕਰਨ ਲਈ ਸਾਰੇ ਲੋੜੀਂਦੇ ਕਦਮ ਉਠਾਏ ਅਤੇ ਸਾਬਕਾ ਰਾਸ਼ਟਰਪਤੀ ਨੂੰ ਉਹ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਜੋ ਕਿ ਕਾਨੂੰਨ ਮੁਤਾਬਕ ਉਨ੍ਹਾਂ ਦੀ ਅਪੀਲ ’ਤੇ ਇਕ ਸਾਬਕਾ ਰਾਸ਼ਟਰਪਤੀ ਨੂੰ ਕਰਵਾਈ ਜਾਂਦੀ ਹੈ। ਹਾਲਾਂਕਿ, ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਰਾਜਪਕਸੇ ਬੁੱਧਵਾਰ ਨੂੰ ਦੇਸ਼ ਪਰਤਣਗੇ ਜਾਂ ਨਹੀਂ ਜਿਵੇਂ ਕਿ ਉਨ੍ਹਾਂ ਦੇ ਰਿਸ਼ਤੇਦਾਰੀ ’ਚ ਭਰਾ ਲੱਗਦੇ ਉਦਯੰਗਾ ਵੀਰਾਤੁੰਗਾ ਨੇ ਪਿਛਲੇ ਹਫ਼ਤੇ ਸੰਭਾਵਨਾ ਪ੍ਰਗਟਾਈ ਸੀ। ਉਹ ਇਸ ਵੇਲੇ ਆਪਣੀ ਪਤਨੀ ਲੋਮਾ ਰਾਜਪਕਸੇ ਨਾਲ ਬੈਂਕਾਕ ਦੇ ਇਕ ਹੋਟਲ ਵਿੱਚ ਰਹਿ ਰਹੇ ਹਨ। -ਪੀਟੀਆਈ