ਹਰਜੀਤ ਲਸਾੜਾ
ਬ੍ਰਿਸਬਨ, 9 ਜਨਵਰੀ
ਪੰਜਾਬੀ ਦੇ ਕੌਮਾਂਤਰੀ ਤ੍ਰੈ-ਮਾਸਿਕ ਮੈਗਜ਼ੀਨ ‘ਤਾਸਮਨ’ ਵੱਲੋਂ ਆਪਣੇ ਪਲੇਠੇ ਤਿੰਨ ਸਾਹਿਤਕ ਸਨਮਾਨਾਂ ਦਾ ਐਲਾਨ ਕੀਤਾ ਗਿਆ ਹੈ। ਮੈਗਜ਼ੀਨ ਦੇ ਸੰਪਾਦਕੀ ਤੇ ਪ੍ਰਬੰਧਕੀ ਬੋਰਡ ਤਰਨਦੀਪ ਬਿਲਾਸਪੁਰ, ਹਰਮਨਦੀਪ ਗਿੱਲ, ਸੰਪਾਦਕ ਸੱਤਪਾਲ ਭੀਖੀ, ਡਾ. ਸੁਮੀਤ ਸ਼ੰਮੀ ਅਤੇ ਵਰਿੰਦਰ ਅਲੀਸ਼ੇਰ ਨੇ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ ਇੱਕ ਸਾਲ ਤੋਂ ਤਾਸਮਨ ਤ੍ਰੈ-ਮਾਸਿਕ ਮੈਗਜ਼ੀਨ ਰਾਹੀਂ ਪੰਜਾਬੀ ਸਾਹਿਤ ’ਚ ਉਸਾਰੂ ਕੰਮ ਕੀਤਾ ਜਾ ਰਿਹਾ ਹੈ। ਅਦਾਰੇ ਦੇ ਇੱਕ ਸਾਲ ਪੂਰੇ ਹੋਣ ’ਤੇ ਪੰਜਾਬੀ ਸਾਹਿਤ ਵਿਚ ਕੰਮ ਕਰਨ ਵਾਲੇ ਸਾਹਿਤਕਾਰਾਂ ਅਤੇ ਕਾਮਿਆਂ ਲਈ ਤਿੰਨ ਸਨਮਾਨਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਨਮਾਨ ਮੌਲਿਕ ਸਾਹਿਤ, ਅਨੁਵਾਦ ਅਤੇ ਸੰਪਾਦਨ ਦੇ ਖੇਤਰ ਨਾਲ ਜੁੜੀਆਂ ਹਸਤੀਆਂ ਲਈ ਹੋਣਗੇ।
ਸੰਸਥਾ ਵੱਲੋਂ ‘ਤਾਸਮਨ ਸ਼ਬਦ ਪ੍ਰਵਾਹ’ ਸਨਮਾਨ ਦਾ ਆਗਾਜ਼ ਕਰਦਿਆਂ ਪਹਿਲਾਂ ਤਾਸਮਨ ਸਾਹਿਤ ਪੁਰਸਕਾਰ ਕੌਮਾਂਤਰੀ ਸਾਹਿਤ ਨੂੰ ਪੰਜਾਬੀ ’ਚ ਅਨੁਵਾਦ ਕਰਨ ਵਾਲੇ ਭਜਨਬੀਰ ਸਿੰਘ ਨੂੰ ਦਿੱਤਾ ਜਾ ਰਿਹਾ ਹੈ। ਇਸ ਸਨਮਾਨ ਵਿਚ ਗਿਆਰਾਂ ਹਜ਼ਾਰ ਰੁਪਏ ਨਗਦ, ਸਨਮਾਨ ਪੱਤਰ ਅਤੇ ਦੋਸ਼ਾਲਾ ਹੋਵੇਗਾ। ‘ਤਾਜ਼ੀ ਹਵਾ’ ਤਹਿਤ ‘ਤਾਸਮਨ ਯੁਵਾ ਪੁਰਸਕਾਰ’ ਮਨਦੀਪ ਔਲਖ ਨੂੰ ਉਸ ਦੀ ਕਾਵਿ ਪੁਸਤਕ ‘ਮਨ ਕਸਤੂਰੀ’ ਲਈ ਦਿੱਤਾ ਜਾ ਰਿਹਾ ਹੈ। ਇਸ ਵਿਚ ਇਕਵੰਜਾ ਸੌ ਰੁਪਏ ਨਗਦ, ਸਨਮਾਨ ਪੱਤਰ ਅਤੇ ਦੋਸ਼ਾਲਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜਸਵੀਰ ਬੇਗਮਪੁਰੀ ਨੂੰ ‘ਤਾਸਮਨ ਸ਼ਬਦ ਪ੍ਰਵਾਹ’ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਵਿਚ ਵੀ ਇਕਵੰਜਾ ਸੌ ਨਗਦ, ਸਨਮਾਨ ਪੱਤਰ ਅਤੇ ਦੋਸ਼ਾਲਾ ਸ਼ਾਮਿਲ ਹੈ। ਮੈਗਜ਼ੀਨ ਦੇ ਸਹਾਇਕ ਸੰਪਾਦਕ ਡਾ. ਸੁਮੀਤ ਸ਼ੰਮੀ ਨੇ ਦੱਸਿਆ ਕਿ ਜਲਦੀ ਹੀ ਇਹ ਸਨਮਾਨ ਸ਼ਖ਼ਸੀਅਤਾਂ ਨੂੰ ਭੇਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਸਨਮਾਨ ਆਸਟਰੇਲੀਆ ਤੋਂ ਵਰਿੰਦਰ ਅਲੀਸ਼ੇਰ, ਹਰਮਨਦੀਪ ਗਿੱਲ ਅਤੇ ਨਿਊਜ਼ੀਲੈਂਡ ਤੋਂ ਤਰਨਦੀਪ ਬਿਲਾਸਪੁਰ ਵੱਲੋਂ ਸਪਾਂਸਰ ਕੀਤੇ ਗਏ ਹਨ।