ਲੰਡਨ: ਕੰਜ਼ਰਵੇਟਿਵ ਪਾਰਟੀ ਦੇ ਐੱਮਪੀ ਅਤੇ ਹਾਊਸ ਆਫ਼ ਕਾਮਨਜ਼ ’ਚ ਪਾਰਟੀ ਦੇ ਆਗੂ ਜੈਕਬ ਰੀਸ ਮੋਗ ਨੇ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਇੰਗਲੈਂਡ ਸਰਕਾਰ ਦੇ ਸਟੈਂਡ ਬਾਰੇ ਕਿਹਾ ਕਿ ਖੇਤੀ ਸੁਧਾਰ ਭਾਰਤ ਦਾ ਅੰਦਰੂਨੀ ਮਸਲਾ ਹੈ। ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਕਿਸਾਨ ਅੰਦੋਲਨ ਬਾਰੇ ਸਦਨ ’ਚ ਚਰਚਾ ਕਰਵਾਏ ਜਾਣ ਦੀ ਮੰਗ ’ਤੇ ਉਨ੍ਹਾਂ ਕਿਹਾ ਕਿ ਇਹ ਸਦਨ ਅਤੇ ਯੂਕੇ ਦੇ ਹਲਕਿਆਂ ’ਚ ਚਿੰਤਾ ਦਾ ਵਿਸ਼ਾ ਹੈ ਅਤੇ ਬ੍ਰਿਟੇਨ ਮਨੁੱਖੀ ਹੱਕਾਂ ਦਾ ਦੁਨੀਆ ਭਰ ’ਚ ਮੁੱਦਈ ਰਹੇਗਾ। ਮੋਗ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ, ਬੋਲਣ ਦੀ ਆਜ਼ਾਦੀ ਅਤੇ ਇੰਟਰਨੈੱਟ ਦੀ ਆਜ਼ਾਦੀ ਲੋਕਾਂ ਦੇ ਬੁਨਿਆਦੀ ਅਧਿਕਾਰ ਹਨ ਪਰ ਭਾਰਤ ਨਾਲ ਸਬੰਧ ਚੰਗੇ ਹੋਣ ਕਰਕੇ ਉਹ ਉਸ ਸਮੇਂ ਤੱਕ ਕੁਝ ਨਹੀਂ ਕਹਿ ਸਕਦੇ ਹਨ ਜਦੋਂ ਤੱਕ ਮੁਲਕ ਦੇ ਰੁਤਬੇ ਤੋਂ ਉਲਟ ਕੋਈ ਘਟਨਾ ਨਹੀਂ ਵਾਪਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਯੂਕੇ ਸਰਕਾਰ ਕਿਸਾਨ ਅੰਦੋਲਨ ’ਤੇ ਨਜ਼ਰ ਰੱਖੇਗੀ। ਉਨ੍ਹਾਂ ਕਿਹਾ ਕਿ ਇੰਗਲੈਂਡ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਪਿਛਲੇ ਸਾਲ ਇਥੇ ਆਏ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਕਿਸਾਨ ਪ੍ਰਦਰਸ਼ਨ ਬਾਰੇ ਚਰਚਾ ਕੀਤੀ ਸੀ। ਲੇਬਰ ਪਾਰਟੀ ਦੀ ਸਦਨ ’ਚ ਆਗੂ ਵੈਲੇਰੀ ਵਾਜ਼ ਨੇ ਵੀ ਕਿਸਾਨਾਂ ਦਾ ਮੁੱਦਾ ਉਠਾਇਆ। ਉਂਜ ਚਰਚਾ ਅਕਸਰ ਵੈਸਟਮਿੰਸਟਰ ਹਾਲ ’ਚ ਹੁੰਦੀ ਹੈ ਪਰ ਕਰੋਨਾਵਾਇਰਸ ਲੌਕਡਾਊਨ ਪਾਬੰਦੀਆਂ ਕਾਰਨ ਇਹ ਮੁਅੱਤਲ ਹੈ ਅਤੇ ਉਸ ਨੇ ਇਸ ’ਤੇ ਆਨਲਾਈਨ ਚਰਚਾ ਦੀ ਮੰਗ ਕੀਤੀ ਸੀ। ਗੋਆ ਮੂਲ ਦੀ ਸੰਸਦ ਮੈਂਬਰ ਵਾਜ਼ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਭਾਰਤੀ ਡੀਐੱਨਏ ’ਚ ਹੈ ਪਰ ਉਥੇ ਅਸੀਂ ਰੋਜ਼ੀ-ਰੋਟੀ ਦੀ ਰਾਖੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਖ਼ਿਲਾਫ਼ ਹਿੰਸਾ ਦੀਆਂ ਘਟਨਾਵਾਂ ਦੇਖੀਆਂ ਹਨ ਅਤੇ ਵਿਦੇਸ਼ ਮੰਤਰੀ ਨੇ ਉਨ੍ਹਾਂ ਦੀ ਚਿੱਠੀ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਹੈ। -ਪੀਟੀਆਈ