ਵਾਸ਼ਿੰਗਟਨ, 29 ਅਪਰੈਲ
ਮੁੱਖ ਅੰਸ਼
- ਤਿੱਬਤੀ ਆਗੂ ਮੁਤਾਬਕ 2014 ਮਗਰੋਂ ਭਾਰਤ ਦੀ ਨੀਤੀ ’ਚ ਬਦਲਾਅ ਆਇਆ
ਜਲਾਵਤਨ ਤਿੱਬਤੀ ਸਰਕਾਰ ਦੇ ਰਾਸ਼ਟਰਪਤੀ ਪੇਨਪਾ ਸੇਰਿੰਗ ਨੇ ਕਿਹਾ ਹੈ ਕਿ ਬਹੁਤੇ ਲੋਕ ਮੰਨਦੇ ਹਨ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਤਿੱਬਤ ਉਤੇ ਚੀਨ ਦੇ ਅਧਿਕਾਰ ਨੂੰ ਮਾਨਤਾ ਦੇ ਕੇ ਵੱਡੀ ਗਲਤੀ ਕੀਤੀ ਸੀ, ਪਰ ਨਹਿਰੂ ਨੂੰ ਉਸ ਵੇਲੇ ਜੋ ਆਪਣੇ ਮੁਲਕ ਦੇ ਹਿੱਤ ਵਿਚ ਲੱਗਿਆ, ਉਹੀ ਉਨ੍ਹਾਂ ਕੀਤਾ। ਜਲਾਵਤਨ ਤਿੱਬਤੀ ਪ੍ਰਸ਼ਾਸਨ ਦੇ ਮੁਖੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਸੋਚਦੇ ਹਨ ਕਿ ਇਸ ਮੁੱਦੇ ’ਤੇ ਭਾਰਤ ਨੇ 2014 ਤੋਂ ਬਾਅਦ ਆਪਣਾ ਰੁਖ਼ ਬਦਲ ਲਿਆ ਹੈ। ਸੇਰਿੰਗ ਇੱਥੇ ਬਾਇਡਨ ਪ੍ਰਸ਼ਾਸਨ ਤੇ ਕਾਂਗਰਸ ਦੇ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਲਈ ਪੁੱਜੇ ਸਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਤਿੱਬਤ ਬਾਰੇ ਨਹਿਰੂ ਦੇ ਫ਼ੈਸਲੇ ਦੁਨੀਆ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਮੁਤਾਬਕ ਸਨ, ਉਨ੍ਹਾਂ ਨੂੰ ‘ਚੀਨ ਉਤੇ ਬਹੁਤ ਭਰੋਸਾ ਸੀ।’ ਤਿੱਬਤੀ ਆਗੂ ਨੇ ਕਿਹਾ ਕਿ ਉਹ ਇਸ ਲਈ ਸਿਰਫ਼ ਨਹਿਰੂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੇ ਕਿਉਂਕਿ ਦੇਸ਼ ਹਿੱਤ ਪਹਿਲਾਂ ਹੈ, ਤੇ ਉਨ੍ਹਾਂ ਉਦੋਂ ਜੋ ਵੀ ਕੀਤਾ ਉਹ ਆਪਣੇ ਮੁਲਕ ਦਾ ਭਲਾ ਸੋਚ ਕੇ ਕੀਤਾ। ਸੇਰਿੰਗ ਨੇ ਕਿਹਾ ਕਿ ਇਕੱਲੇ ਭਾਰਤ ਨੇ ਹੀ ਨਹੀਂ ਬਲਕਿ ਹੋਰਾਂ ਕਈ ਮੁਲਕਾਂ ਨੇ ਤਿੱਬਤ ਉਤੇ ਚੀਨ ਦਾ ਅਧਿਕਾਰ ਸਵੀਕਾਰ ਕੀਤਾ ਸੀ।
ਤਿੱਬਤੀ ਆਗੂ ਨੇ ਕਿਹਾ ਕਿ ‘ਨਹਿਰੂ ਨੇ ਚੀਨ ਉਤੇ ਬਹੁਤ ਭਰੋਸਾ ਕੀਤਾ ਸੀ ਪਰ 1962 ਵਿਚ ਚੀਨ ਨੇ ਭਾਰਤ ’ਤੇ ਹਮਲਾ ਕਰ ਦਿੱਤਾ, ਕਈ ਲੋਕ ਮੰਨਦੇ ਹਨ ਕਿ ਨਹਿਰੂ ਇਸ ਨਾਲ ਬਹੁਤ ਦੁਖੀ ਹੋ ਗਏ ਸਨ, ਉਨ੍ਹਾਂ ਦੀ ਮੌਤ ਦੇ ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਸੀ।’ ਉਨ੍ਹਾਂ ਨਾਲ ਹੀ ਕਿਹਾ ਕਿ 2014 ਤੋਂ ਬਾਅਦ ਭਾਰਤ ਦਾ ਰੁਖ਼ ਬਦਲਿਆ ਹੈ। ਭਾਰਤ ਨੇ ਨੀਤੀ ਵਿਚ ਬਦਲਾਅ ਕਰ ਕੇ ਤਿੱਬਤ ਨੂੰ ਚੀਨ ਦਾ ਹਿੱਸਾ ਮੰਨੇ ਜਾਣ ਨੂੰ ਦੁਹਰਾਉਣਾ ਬੰਦ ਕਰ ਦਿੱਤਾ ਹੈ।
ਸੇਰਿੰਗ ਨੇ ਕਿਹਾ ਕਿ ਭਾਰਤ ਦਾ ਰੁਖ਼ ਇਹ ਹੈ ਕਿ ਭਾਰਤ ਨੂੰ ‘ਵਨ ਚਾਈਨਾ ਪਾਲਿਸੀ’ ਮੁਤਾਬਕ ਚੱਲਣਾ ਚਾਹੀਦਾ ਹੈ ਤੇ ਇਸ ਲਈ ਚੀਨ ਨੂੰ ਵੀ ਕਸ਼ਮੀਰ ਬਾਰੇ ‘ਵਨ ਇੰਡੀਆ ਪਾਲਿਸੀ’ ਰੱਖਣੀ ਚਾਹੀਦੀ ਹੈ। ਡੋਕਲਾਮ ਤੇ ਗਲਵਾਨ ਵਿਚ ਚੀਨ ਦੇ ਹਮਲਾਵਰ ਰੁਖ਼ ’ਤੇ ਉਨ੍ਹਾਂ ਕਿਹਾ ਕਿ ਚੀਨ ਦੇ ਵਿਦੇਸ਼ ਮੰਤਰੀ ਵੱਲੋਂ ਕੁਝ ਮਹੀਨੇ ਪਹਿਲਾਂ ਭਾਰਤ ਦਾ ਦੌਰਾ ਕਰਨਾ ਮਹਿਜ਼ ਦਿਖਾਵੇ ਲਈ ਸੀ, ਇਸ ਵਿਚੋਂ ਕੁਝ ਨਹੀਂ ਨਿਕਲਿਆ। -ਪੀਟੀਆਈ