ਬਰੱਸਲਜ਼, 17 ਅਕਤੂਬਰ
ਯੂਕਰੇਨ ਵਿਚ ਜੰਗ ਕਾਰਨ ਵਧੇ ਤਣਾਅ ਦੇ ਮੱਦੇਨਜ਼ਰ ‘ਨਾਟੋ’ ਨੇ ਉੱਤਰ-ਪੱਛਮੀ ਯੂਰੋਪ ਵਿਚ ਸਾਲਾਨਾ ਪਰਮਾਣੂ ਅਭਿਆਸ ਆਰੰਭ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਮੁਲਕ ਦੇ ਖੇਤਰਾਂ ਦੀ ਰਾਖੀ ਲਈ ਕੋਈ ਵੀ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਹੈ। ਨਾਟੋ ਗੱਠਜੋੜ ਦੇ 30 ਮੈਂਬਰਾਂ ਵਿਚੋਂ 14 ਇਨ੍ਹਾਂ ਅਭਿਆਸਾਂ ਵਿਚ ਹਿੱਸਾ ਲੈਣਗੇ, ਤੇ ਇਸ ਵਿਚ 60 ਜਹਾਜ਼ ਸ਼ਾਮਲ ਹੋਣਗੇ। ਇਨ੍ਹਾਂ ਜਹਾਜ਼ਾਂ ਵਿਚ ਲੜਾਕੂ ਤੇ ਹੋਰ ਜਹਾਜ਼ ਸ਼ਾਮਲ ਹਨ। ਜ਼ਿਆਦਾਤਰ ਅਭਿਆਸ ਰੂਸੀ ਸਰਹੱਦਾਂ ਤੋਂ 1000 ਕਿਲੋਮੀਟਰ ਦੂਰ ਹੋਵੇਗਾ। ਇਸ ਵਿਚ ਅਮਰੀਕਾ ਦੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਬੀ-52 ਬੰਬਰ ਜਹਾਜ਼ ਵੀ ਹਿੱਸਾ ਲੈਣਗੇ। ਨਾਟੋ ਇਨ੍ਹਾਂ ਅਭਿਆਸਾਂ ਲਈ ਮੀਡੀਆ ਨੂੰ ਕੋਈ ਪਹੁੰਚ ਨਹੀਂ ਦੇ ਰਿਹਾ ਹੈ। ਨਾਟੋ ਨੇ ਕਿਹਾ ਕਿ ਜਹਾਜ਼ ਬੈਲਜੀਅਮ ਉਪਰੋਂ ਦੀ ਉਡਾਣ ਭਰਨਗੇ ਤੇ ਅਭਿਆਸ 30 ਅਕਤੂਬਰ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ ਉੱਤਰ ਸਾਗਰ ਤੇ ਯੂਕੇ ਉਤੋਂ ਵੀ ਉਡਾਣਾਂ ਭਰੀਆਂ ਜਾਣਗੀਆਂ। ਇਸ ਅਭਿਆਸ ਵਿਚ ਉਹ ਜਹਾਜ਼ ਸ਼ਾਮਲ ਹਨ ਜੋ ਪਰਮਾਣੂ ਹਥਿਆਰ ਚੁੱਕ ਕੇ ਡੇਗਣ ਦੇ ਸਮਰੱਥ ਹਨ। ਹਾਲਾਂਕਿ ਅਭਿਆਸ ਵਿਚ ਕੋਈ ਅਸਲ ਬੰਬ ਸ਼ਾਮਲ ਨਹੀਂ ਹੋਵੇਗਾ। ਇਸ ਜੰਗੀ ਅਭਿਆਸ ਦੀ ਯੋਜਨਾ ਰੂਸ ਦੇ ਯੂਕਰੇਨ ਉਤੇ ਹਮਲੇ ਤੋਂ ਪਹਿਲਾਂ ਬਣਾਈ ਗਈ ਸੀ। ਮਾਸਕੋ ਵੱਲੋਂ ਵੀ ਇਸੇ ਮਹੀਨੇ ਜੰਗੀ ਅਭਿਆਸ ਕੀਤੇ ਜਾਣ ਦੀ ਸੰਭਾਵਨਾ ਹੈ। -ਏਪੀ
ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਡਰੋਨਾਂ ਨਾਲ ਹਮਲੇ
ਰੂਸ ਵੱਲੋਂ ਯੂਕਰੇਨ ’ਤੇ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਡਰੋਨਾਂ ਰਾਹੀਂ ਹਮਲੇ ਕੀਤੇ ਜਾ ਰਹੇ ਹਨ। ਕੀਵ ਵਿਚ ਇਸ ਕਾਰਨ ਕਈ ਇਮਾਰਤਾਂ ਨੂੰ ਅੱਗ ਲੱਗ ਗਈ ਤੇ ਲੋਕਾਂ ਨੂੰ ਬਾਹਰ ਸ਼ਰਨ ਲੈਣੀ ਪਈ। ਹਮਲਿਆਂ ਵਿਚ ਇਰਾਨ ਦੇ ਬਣੇ ਡਰੋਨ ਵੀ ਵਰਤੇ ਗਏ ਹਨ। ਇਸ ਤੋਂ ਪਹਿਲਾਂ ਰੂਸ ਜ਼ਿਆਦਾਤਰ ਮਿਜ਼ਾਈਲਾਂ ਨਾਲ ਹਮਲੇ ਕਰ ਰਿਹਾ ਸੀ। ਇਸ ਦੌਰਾਨ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ। ਇਸੇ ਦੌਰਾਨ ਯੂਨੀਸੈਫ ਦੀ ਖੇਤਰੀ ਡਾਇਰੈਕਟਰ ਨੇ ਦੱਸਿਆ ਹੈ ਕਿ ਜੰਗ ਕਾਰਨ ਰੂਸ ਤੇ ਯੂਕਰੇਨ ਵਿਚ ਬੱਚੇ ਕਾਫ਼ੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ 40 ਲੱਖ ਤੋਂ ਵੱਧ ਬੱਚੇ ਗਰੀਬੀ ਵੱਲ ਧੱਕੇ ਗਏ ਹਨ। -ਏਪੀ
ਯੂਰੋਪੀ ਯੂਨੀਅਨ ਯੂਕਰੇਨੀ ਸੈਨਿਕਾਂ ਨੂੰ ਸਿਖਲਾਈ ਤੇ ਫੰਡ ਦੇਣ ਲਈ ਤਿਆਰ
ਬ੍ਰੱਸਲਜ਼: ਯੂਰੋਪੀ ਯੂਨੀਅਨ (ਈਯੂ) ਯੂਕਰੇਨ ਦੇ ਸੈਨਿਕਾਂ ਲਈ ਯੂਰੋਪ ’ਚ ਸਿਖਲਾਈ ਦੇਣ ਅਤੇ ਜੰਗ ਦੀ ਮਾਰ ਹੇਠ ਆਏ ਦੇਸ਼ ਨੂੰ ਹਥਿਆਰ ਖਰੀਦਣ ’ਚ ਮਦਦ ਲਈ 50 ਕਰੋੜ ਯੂਰੋ ਤੋਂ ਵੱਧ ਫੰਡ ਨੂੰ ਹਰੀ ਝੰਡੀ ਦੇ ਸਕਦਾ ਹੈ। ਈਯੂ ਦੇ ਹੈੱਡਕੁਆਰਟਰ ਨੇ ਕਿਹਾ ਕਿ ਮਿਸ਼ਨ ਦਾ ਮਕਸਦ ਯੂਕਰੇਨੀ ਹਥਿਆਰਬੰਦ ਦਸਤਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਫੌਜੀ ਮੁਹਿੰਮ ਚਲਾਉਣ ਦੀ ਇਜਾਜ਼ਤ ਦੇਣਾ ਹੈ ਤਾਂ ਜੋ ਯੂਕਰੇਨ ਆਪਣੀਆਂ ਕੌਮਾਂਤਰੀ ਪੱਧਰ ਦੀਆਂ ਮਾਨਤਾ ਪ੍ਰਾਪਤ ਸਰਹੱਦਾਂ ਅੰਦਰ ਆਪਣੀ ਖੇਤਰੀ ਅਖੰਡਤਾ ਦੀ ਰਾਖੀ ਕਰ ਸਕੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਪ੍ਰਭੂਸੱਤਾ ਦੀ ਵਰਤੋਂ ਕਰੇ ਤੇ ਆਪਣੇ ਨਾਗਰਿਕਾਂ ਦੀ ਰਾਖੀ ਕਰ ਸਕੇ। ਉਨ੍ਹਾਂ ਕਿਹਾ ਕਿ ਯੂਰੋਪੀ ਯੂਨੀਅਨ ‘ਨਿੱਜੀ, ਸਮੂਹਿਕ ਤੇ ਵਿਸ਼ੇਸ਼ ਸਿਖਲਾਈ’ ਦੇਵੇਗਾ। ਜਿਹੜੇ ਮੁਲਕ ਬਲਾਕ ਦਾ ਹਿੱਸਾ ਨਹੀਂ ਹਨ ਉਨ੍ਹਾਂ ਨੂੰ ਵੀ ਸਿਖਲਾਈ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼ੁਰੂਆਤ ’ਚ ਇਸ ਪ੍ਰੋਗਰਾਮ ਦਾ ਮਕਸਦ 15 ਹਜ਼ਾਰ ਯੂਕਰੇਨੀ ਸੈਨਿਕਾਂ ਨੂੰ ਸਿਖਲਾਈ ਦੇਣਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਸਿਖਲਾਈ ਪ੍ਰੋਗਰਾਮ ਮੱਧ ਨਵੰਬਰ ਤੋਂ ਸ਼ੁਰੂ ਹੋ ਸਕਦਾ ਹੈ। -ਏਪੀ