ਸੰਯੁਕਤ ਰਾਸ਼ਟਰ, 22 ਨਵੰਬਰ
ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਪ੍ਰਮੁੱਖ ਜੀਨ-ਪੀਅਰੇ ਲੈਕ੍ਰੋਈ ਨੇ ਭਰੋਸਾ ਜਤਾਇਆ ਹੈ ਕਿ ਸ਼ਾਂਤੀ ਕਾਇਮ ਰੱਖਣ ਦੀਆਂ ਮੁਹਿੰਮਾਂ ਵਿਚ ਭਾਰਤ ਨਾਲ ਸਹਿਯੋਗ ਦੀ ‘ਬਹੁਤ ਸੰਭਾਵਨਾ’ ਹੈ ਕਿਉਂਕਿ ਉਸ ਦੇ ਕੋਲ ਦੁਨੀਆ ਭਰ ਵਿਚ ਤਾਇਨਾਤ ‘ਬਲੂ ਹੈਲਮੈਟਸ’ ਦੀ ਮਦਦ ਦੀ ਕਾਫ਼ੀ ਸਮਰੱਥਾ ਹੈ ਤੇ ਅਹਿਮ ਤਕਨੀਕਾਂ ਹਨ। ਸ਼ਾਂਤੀ ਮੁਹਿੰਮਾਂ ਦੇ ਅੰਡਰ-ਸਕੱਤਰ ਜਨਰਲ ਨੇ ਸਿਓਲ ਵਿਚ ਅਗਲੇ ਮਹੀਨੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਮੰਤਰੀ ਪੱਧਰ ਦੀ ਬੈਠਕ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਕੋਲ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮਿਸ਼ਨ ਵਿਚ ਵੱਧ ਤੋਂ ਵੱਧ ਬਲ ਮੁਹੱਈਆ ਕਰਾਉਣ ਵਾਲੇ ਦੇਸ਼ਾਂ ’ਚ ਸ਼ਾਮਲ ਭਾਰਤ ਲਈ ਦੋ ਸੁਨੇਹੇ ਹਨ। ਉਨ੍ਹਾਂ ਕਿਹਾ ਕਿ ‘ਪਹਿਲਾਂ ਭਾਰਤ ਦਾ ਧੰਨਵਾਦ ਹੈ, ਕਿਉਂਕਿ ਭਾਰਤ ਰਾਜਨੀਤਕ ਸਹਿਯੋਗ, ਇਸ ਖੇਤਰ ਵਿਚ ਸ਼ਮੂਲੀਅਤ ਅਤੇ ਸਮਰੱਥਾ ਦੇ ਸੰਦਰਭ ਵਿਚ ਸਹਿਯੋਗ ਸਣੇ ਹਰ ਖੇਤਰ ਵਿਚ ਸਾਡੇ ਸਭ ਤੋਂ ਵੱਡੇ ਸਮਰਥਕਾਂ ਵਿਚੋਂ ਇਕ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਾਂਤੀ ਮੁਹਿੰਮਾਂ ਵਿਚ ਪਿਛਲੇ ਕਈ ਸਾਲਾਂ ਵਿਚ ਆਪਣੀ ਜਾਨ ਗੁਆਉਣ ਵਾਲੇ ਭਾਰਤ ਰੱਖਿਆ ਬਲਾਂ ਦਾ ਬਲਿਦਾਨ ਯਾਦ ਹੈ। ਇਸ ਤੋਂ ਇਲਾਵਾ ਦੂਜਾ ਸੁਨੇਹਾ ‘ਵੱਡੀਆਂ ਉਮੀਦਾਂ ਹਨ, ਭਾਰਤ ਕੋਲ ਉਹ ਸਮਰੱਥਾ ਹੈ ਜਿਸ ਦੀ ਸਾਨੂੰ ਲੋੜ ਹੈ’। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਕੋਲ ਯੋਗ ਸ਼ਾਂਤੀ ਰੱਖਿਆ ਬਲਾਂ ਜ਼ਰੀਏ ‘ਸਾਡੀ ਮਦਦ ਕਰਨ ਦੀ ਸਮਰੱਥਾ ਹੈ’। ਭਾਰਤ ‘ਸੈਨਾ ਤੇ ਪੁਲੀਸ ਦੋਵਾਂ ਤਰ੍ਹਾਂ ਦੇ ਸ਼ਾਂਤੀ ਰੱਖਿਆ ਬਲਾਂ ਵਿਚ ਮਹਿਲਾਵਾਂ ਦੀ ਗਿਣਤੀ ਹੋਰ ਵਧਾਉਣ ਵਿਚ ਵੀ ਸੰਯੁਕਤ ਰਾਸ਼ਟਰ ਦੀ ਮਦਦ ਕਰ ਸਕਦਾ ਹੈ। ਲੈਕ੍ਰੋਈ ਨੇ ਕਿਹਾ ਕਿ ਭਾਰਤ ਕੋਲ ਕਈ ਤਕਨੀਕਾਂ ਹਨ, ਜੋ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਬਲਾਂ ਦੀ ਅਸਲ ਵਿਚ ਮਦਦ ਕਰ ਸਕਦੀਆਂ ਹਨ। -ਪੀਟੀਆਈ