ਢਾਕਾ, 25 ਅਕਤੂਬਰ
ਤਿੰਨ ਪਾਸਿਓਂ ਸਮੁੰਦਰ ਨਾਲ ਘਿਰੇ ਮੁਲਕ ਬੰਗਲਾਦੇਸ਼ ਵਿੱਚ ਸਮੁੰਦਰੀ ਤੂਫ਼ਾਨ ਕਰਕੇ ਘੱਟੋ-ਘੱਟ 35 ਵਿਅਕਤੀ ਮਾਰੇ ਗਏ। ਇਸ ਦੌਰਾਨ 10,000 ਦੇ ਕਰੀਬ ਘਰਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਬੰਗਾਲ ਦੀ ਖਾੜੀ ’ਚੋਂ ਉੱਠਿਆ ਤੂਫ਼ਾਨ ਮਗਰੋਂ ਉੱਤਰ ਵੱਲ ਦਿਸ਼ਾ ਬਦਲਦਿਆਂ ਬੰਗਲਾਦੇਸ਼ ਦੇ ਸਾਹਿਲ ਨਾਲ ਜਾ ਟਕਰਾਇਆ। ਤੂਫ਼ਾਨ ‘ਸਿਤਰੰਗ’ ਕਰਕੇ ਸੈਂਕੜੇ ਤੋਂ ਹਜ਼ਾਰਾਂ ਲੋਕਾਂ ਨੂੰ ਲੰਘੇ ਦਿਨ ਰੈਣਬਸੇਰਿਆਂ ਵਿੱਚ ਤਬਦੀਲ ਕੀਤਾ ਗਿਆ ਸੀ, ਜੋ ਚੱਕਰਵਾਤੀ ਤੂਫ਼ਾਨ ਤੋਂ ਬਚਾਅ ਲਈ ਬਣਾਏ ਗਏ ਸਨ। ਉਂਜ ਅੱਜ ਸਾਰਾ ਦਿਨ ਪੂਰੇ ਦੇਸ਼ ਵਿੱਚ ਭਾਰੀ ਮੀਂਹ ਪੈਂਦਾ ਰਿਹਾ, ਜਿਸ ਕਰਕੇ ਦੱਖਣੀ ਤੇ ਦੱਖਣ-ਪੱਛਮੀ ਬੰਗਲਾਦੇਸ਼ ਦੇ ਸਾਹਿਲੀ ਖੇਤਰਾਂ ਵਿੱਚ ਕਈ ਥਾਈਂ ਹੜ੍ਹ ਵਾਲੇ ਹਾਲਾਤ ਬਣ ਗਏ। ਵਿਭਾਗ ਮੁਤਾਬਕ ਤੂਫ਼ਾਨ ਦੀ ਰਫ਼ਤਾਰ 65 ਕਿਲੋਮੀਟਰ (40 ਮੀਲ) ਪ੍ਰਤੀ ਘੰਟਾ ਸੀ ਤੇ ਇਕ ਵਾਰ ਇਹ 85 ਕਿਲੋਮੀਟਰ ਪ੍ਰਤੀ ਘੰਟਾ ਦੀ ਸਿਖਰਲੀ ਰਫ਼ਤਾਰ ਤੱਕ ਵੀ ਪੁੱਜਾ। ਰਾਜਧਾਨੀ ਢਾਕਾ ਵਿੱਚ ਸੋਮਵਾਰ ਸ਼ਾਮ ਨੂੰ 88 ਕਿਲੋਮੀਟਰ ਪ੍ਰਤੀ ਘੰਟਾ (55 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਝੱਖੜ ਝੁੱਲਿਆ। ਕੁਮਿਲਾ ਜ਼ਿਲ੍ਹੇ ਵਿੱਚ ਸਰਕਾਰੀ ਅਧਿਕਾਰੀ ਰੇਹਾਨ ਮਹਬਿੂਬ ਨੇ ਕਿਹਾ ਕਿ ਸੋਮਵਾਰ ਦੇਰ ਰਾਤ ਨੂੰ ਇਕ ਘਰ ’ਤੇ ਦਰੱਖ਼ਤ ਡਿੱਗਣ ਕਰਕੇ ਦੰਪਤੀ ਤੇ ਉਨ੍ਹਾਂ ਦੀ ਚਾਰ ਸਾਲਾ ਧੀ ਦੀ ਮੌਤ ਹੋ ਗਈ। ਸਰਕਾਰ ਨੇ ਸੋੋਮਵਾਰ ਨੂੰ ਇਹਤਿਆਤ ਵਜੋਂ ਸਾਰੀਆਂ ਨਦੀਆਂ ਨਾਲਿਆਂ ਨੇੜੇ ਅਲਰਟ ਜਾਰੀ ਕਰਦਿਆਂ ਤਿੰਨ ਹਵਾਈ ਅੱਡਿਆਂ ਨੂੰ ਵੀ ਬੰਦ ਕਰ ਦਿੱਤਾ ਸੀ। -ਏਪੀ