ਕਾਹਿਰਾ, 26 ਮਾਰਚ
ਦੱਖਣੀ ਮਿਸਰ ਵਿੱਚ ਰੇਲਗੱਡੀ ਦੀ ਐਮਰਜੈਂਸੀ ਬ੍ਰੇਕ ਲਾਏ ਜਾਣ ਕਰਕੇ ਦੋ ਰੇਲਗੱਡੀਆਂ ਦੀ ਹੋਈ ਟੱਕਰ ਵਿੱਚ ਘੱਟੋ-ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 66 ਜਣੇ ਜ਼ਖ਼ਮੀ ਹੋ ਗਏ। ਮਿਸਰ ਦੇ ਸਿਹਤ ਮੰਤਰੀ ਵੱਲੋਂ ਜਾਰੀ ਬਿਆਨ ਮੁਤਾਬਕ ਘੱਟੋ ਘੱਟ 50 ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ’ਚ ਤਬਦੀਲ ਕੀਤਾ ਗਿਆ ਹੈ। ਦੱਖਣੀ ਮਿਸਰ ਦੇ ਸੋਹਾਗ ਸੂਬੇ ਵਿੱਚ ਹਾਦਸੇ ਵਾਲੀ ਥਾਂ ’ਤੇ ਦਰਜਨਾਂ ਐਂਬੂਲੈਂਸਾਂ ਭੇਜੀਆਂ ਗਈਆਂ ਹਨ। ਮਿਸਰ ਦੀ ਰੇਲ ਅਥਾਰਿਟੀ ਨੇ ਕਿਹਾ ਕਿ ਮੁਸਾਫ਼ਰ ਰੇਲਗੱਡੀ ਅਲੈਗਜ਼ੈਡਰੀਆ ਸ਼ਹਿਰ ਨੂੰ ਜਾ ਰਹੀ ਸੀ ਕਿ ਕਿਸੇ ਨੇ ਐਮਰਜੈਂਸੀ ਬ੍ਰੇਕ ਲਾ ਦਿੱਤੀ। ਇਸ ਗੱਡੀ ਨੂੰ ਪਿੱਛਿਓਂ ਇਕ ਹੋਰ ਰੇਲਗੱਡੀ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਪਹਿਲੀ ਗੱਡੀ ਦੇ ਦੋ ਡੱਬੇ ਲੀਹੋਂ ਲੱਥ ਕੇ ਪਲਟ ਗਏ। ਮੁਕਾਮੀ ਮੀਡੀਆ ਨੇ ਪਲਟੇ ਹੋਏ ਡੱਬਿਆਂ ਵਿੱਚ ਫਸੇ ਮੁਸਾਫ਼ਰਾਂ ਦੀਆਂ ਤਸਵੀਰਾਂ ਵਿਖਾਈਆਂ ਹਨ। ਇਨ੍ਹਾਂ ਵਿੱਚੋਂ ਕੁਝ ਮੁਸਾਫ਼ਰ ਬੇਸੁਰਤ ਤੇ ਕੁਝ ਖੂਨੋਂ ਖੂਨ ਸਨ। ਰਾਸ਼ਟਰਪਤੀ ਅਬਦੁਲ ਫੱਤਾ ਨੇ ਕਿਹਾ ਕਿ ਉਹ ਪੂਰੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ ਤੇ ਕਸੂਰਵਾਰਾਂ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇਗੀ। -ਏਪੀ