ਮਿਲਾਨ (ਵਿੱਕੀ ਬਟਾਲਾ): ਭਾਰਤ ਤੋਂ ਲੰਘੀ ਰਾਤ 210 ਯਾਤਰੀਆਂ ਨੂੰ ਇਟਲੀ ਦੇ ਸ਼ਹਿਰ ਰੋਮ ਪੁੱਜੀ ਏਅਰ ਇੰਡੀਆ ਦੀ ਇਕ ਉਡਾਣ ਵਿੱਚੋਂ 23 ਯਾਤਰੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪਾਜ਼ੇਟਿਵ ਮਿਲੇ ਵਿਅਕਤੀਆਂ ਵਿੱਚ ਜਹਾਜ਼ ਦੇ ਪਾਇਲਟ ਸਮੇਤ ਹੋਰ ਸਟਾਫ਼ ਵੀ ਸ਼ਾਮਲ ਹੈ। ਇਤਾਲਵੀ ਮੀਡੀਆ ਅਨੁਸਾਰ ਰੋਮ ਪੁੱਜੀ ਇਸ ਉਡਾਣ ਵਿੱਚ 9 ਫ਼ੀਸਦ ਲੋਕ ਕਰੋਨਾ ਪਾਜ਼ੇਟਿਵ ਨਿਕਲੇ ਹਨ। ਦਿੱਲੀ-ਅੰਮ੍ਰਿਤਸਰ ਤੋਂ ਰੋਮ ਪੁੱਜੀ ਇਸ ਉਡਾਣ ਦੇ ਕੁਝ ਯਾਤਰੀਆਂ ਨੇ ਫੋਨ ’ਤੇ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਦੱਸਿਆ ਕਿ ਬੀਤੇ ਦਿਨ ਇਕ ਘੰਟਾ ਦੇਰੀ ਨਾਲ ਪੁੱਜੀ ਉਡਾਣ ਦੇ ਰੋਮ ਹਵਾਈ ਅੱਡੇ ’ਤੇ ਉਤਰਨ ਤੋਂ ਇੱਕ ਘੰਟਾ ਬਾਅਦ ਯਾਤਰੀਆਂ ਨੂੰ ਪ੍ਰਸ਼ਾਸ਼ਨ ਦੀ ਨਿਗਰਾਨੀ ਜਹਾਜ਼ ਤੋਂ ਹੇਠਾਂ ਉਤਾਰਿਆ ਗਿਆ। ਉਪਰੰਤ ਸਾਰਿਆਂ ਦੇ ਕਰੋਨਾਵਾਇਰਸ ਦੇ ਟੈਸਟ ਕੀਤੇ ਗਏ। ਇਨ੍ਹਾਂ ਯਾਰਤੀਆਂ ਵਿੱਚੋਂ ਕਰੋਨਾ ਪਾਜ਼ੇਟਿਵ ਪਾਏ ਗਏ 23 ਯਾਤਰੀਆਂ ਸਣੇ 50 ਯਾਤਰੀਆਂ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਹੈ ਜਦੋਂਕਿ ਬਾਕੀ 164 ਵਿਅਕਤੀ ਕਿਸੇ ਸਥਾਨਕ ਹੋਟਲ ਵਿੱਚ ਇਕਾਂਤਵਾਸ ਕੀਤੇ ਗਏ ਹਨ। ਪਾਜ਼ੇਟਿਵ ਮਿਲੇ ਵਿਅਤੀਆਂ ਵਿਚ ਜਹਾਜ਼ ਦਾ ਪਾਇਲਟ ਤੇ ਸਟਾਫ਼ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਇਟਲੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ 14 ਦਿਨਾਂ ਲਈ ਆਰਜ਼ੀ ਪਾਬੰਦੀ ਲਗਾ ਦਿੱਤੀ ਹੈ।