ਨਿਊਯਾਰਕ, 2 ਸਤੰਬਰ
ਕੈਲੀਫੋਰਨੀਆ ਵਿੱਚ ਅਮਰੀਕਾ ਦੀ ਇਕ ਸਰਹੱਦੀ ਚੌਕੀ ’ਤੇ ਗੈਰਕਾਨੂੰਨੀ ਢੰਗ ਨਾਲ ਵਾੜ ਟੱਪਣ ਦੀ ਕੋਸ਼ਿਸ਼ ਕਰਦੇ ਫੜੇ ਗਏ 100 ਪਰਵਾਸੀਆਂ ਦੇ ਇਕ ਸਮੂਹ ’ਚ 17 ਭਾਰਤੀ ਨਾਗਰਿਕ ਸ਼ਾਮਲ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਸਾਂ ਡੀਏਗੋ ਖੇਤਰ ਦੇ ਸਰਹੱਦੀ ਗਸ਼ਤੀ ਬਲ ਦੇ ਏਜੰਟਾਂ ਨੇ ਇੰਪੀਰੀਅਲ ਬੀਚ ਸਟੇਸ਼ਨ ਤੋਂ ਮੰਗਲਵਾਰ ਨੂੰ ਤੜਕੇ 2 ਵਜੇ ਦੇ ਕਰੀਬ 100 ਪਰਵਾਸੀਆਂ ਦੇ ਇਕ ਸਮੂਹ ਨੂੰ ਕਾਬੂ ਕੀਤਾ।
ਇਸ ਸਮੂਹ ਵਿੱਚ ਅਫਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਨਾਗਰਿਕ ਸ਼ਾਮਲ ਸਨ। ਅਮਰੀਕੀ ਕਸਟਮਜ਼ ਤੇ ਸਰਹੱਦੀ ਸੁਰੱਖਿਆ ਏਜੰਸੀ ਨੇ ਕਿਹਾ ਕਿ ਏਜੰਟਾਂ ਨੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪਰਵਾਸੀਆਂ ਦੇ ਇਕ ਵੱਡੇ ਸਮੂਹ ਨੂੰ ਵਾੜ ’ਤੇ ਚੜ੍ਹਦੇ ਹੋਏ ਦੇਖਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੂਹ ਵਿੱਚ ਜ਼ਿਆਦਾਤਰ ਗੈਰ ਸਪੇਨੀ ਭਾਸ਼ਾ ਬੋਲਣ ਵਾਲੇ ਪਰਵਾਸੀ ਸ਼ਾਮਲ ਸਨ, ਜਿਸ ਕਰ ਕੇ ਸਰਹੱਦੀ ਗਸ਼ਤੀ ਬਲ ਦੇ ਏਜੰਟਾਂ ਨੂੰ ਅਨੁਵਾਦਕਾਂ ਦੀ ਮਦਦ ਲੈਣੀ ਪਈ। ਫੜੇ ਗਏ ਸਾਰੇ ਪਰਵਾਸੀਆਂ ਨੂੰ ਨੇੜਲੇ ਇਕ ਸਟੇਸ਼ਨ ’ਤੇ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦੀ ਸਿਹਤ ਜਾਂਚ ਹੋਈ।
ਇਸ ਸਮੂਹ ਵਿੱਚ 79 ਨੌਜਵਾਨ, 18 ਪਰਿਵਾਰ ਤੇ ਤਿੰਨ ਨਾਬਾਲਗ ਸ਼ਾਮਲ ਸਨ ਜੋ ਕਿ 12 ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਹਨ। ਇਨ੍ਹਾਂ ਪਰਵਾਸੀਆਂ ਵਿੱਚ ਸੋਮਾਲੀਆ ਦੇ 37, ਭਾਰਤ ਦੇ 17, ਅਫ਼ਗਾਨਿਸਤਾਨ ਦੇ ਛੇ, ਪਾਕਿਸਤਾਨ ਦੇ ਚਾਰ ਅਤੇ ਬ੍ਰਾਜ਼ੀਲ ਦੇ ਤਿੰਨ ਨਾਗਰਿਕ ਸ਼ਾਮਲ ਹਨ। ਵਿੱਤੀ ਵਰ੍ਹੇ 2022 ਵਿੱਚ ਸਾਂ ਡੀਏਗੋ ਖੇਤਰ ਵਿੱਚ ਫੜੇ ਗਏ 1,45,618 ਪਰਵਾਸੀਆਂ ’ਚੋਂ 44,444 ਉਹ ਪਰਵਾਸੀ ਹਨ, ਜਿਹੜੇ ਕਿ ਮੈਕਸਿਕੋ ਤੋਂ ਵੱਖ ਹੋਰ ਦੇਸ਼ਾਂ ਨਾਲ ਸਬੰਧਤ ਹਨ। -ਪੀਟੀਆਈ