ਯੈਂਗੌਨ, 2 ਜੁਲਾਈ
ਮਿਆਂਮਾਰ ਦੇ ਕਾਚਿਨ ਸੂਬੇ ਵਿੱਚ ਕੀਮਤੀ ਪੱਥਰਾਂ ਦੀ ਇਕ ਖਾਣ ਵਿੱਚ ਢਿੱਗਾਂ ਡਿੱਗਣ ਕਰਕੇ ਘੱਟੋ-ਘੱਟ 162 ਵਿਅਕਤੀ ਹਲਾਕ ਹੋ ਗਏ ਜਦੋਂਕਿ ਕਈ ਹੋਰ ਲਾਪਤਾ ਹਨ। ਸਿਨਹੁਆ ਖ਼ਬਰ ਏਜੰਸੀ ਨੇ ਫਾਇਰ ਸੇਵਾਵਾਂ ਵਿਭਾਗ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਮੌਨਸੂਨ ਦੇ ਮੀਂਹ ਕਰਕੇ ਹਪਾਕੈਂਟ ਸੂਬੇ ਦੇ ਸਾਤੇ ਮੂ ਪਿੰਡ ਨੇੜੇ ਕੀਮਤੀ ਪੱਥਰਾਂ ਦੀ ਖਾਣ ਵਿੱਚ ਸਵੇਰੇ ਅੱਠ ਵਜੇ ਦੇ ਕਰੀਬ ਢਿੱਗਾਂ ਡਿੱਗਣ ਕਰਕੇ ਖਾਣ ਵਿੱਚ ਕੰਮ ਕਰਦੇ ਸੈਂਕੜੇ ਵਰਕਰ ਮਿੱਟੀ ਦੀ ਗਾਰ ਹੇਠ ਦੱਬ ਗਏ। ਸੂਚਨਾ ਮੰਤਰਾਲੇ ਨੇ ਕਿਹਾ ਕਿ ਹੁਣ ਤਕ ਮਲਬੇ ਹੇਠੋਂ 162 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਰਾਹਤ ਕਾਰਜਾਂ ਦੀ ਨਿਗਰਾਨ ਕਰ ਰਹੇ ਫਾਇਰ ਸੇਵਾਵਾਂ ਵਿਭਾਗ ਨੇ ਮੌਤਾਂ ਦੀ ਗਿਣਤੀ 126 ਦੱਸੀ ਹੈ। ਉਧਰ ਹਪਾਕੈਂਟ ਤੋਂ ਕਾਨੂੰਨਸਾਜ਼ ਖਿਨ ਮੌਂਗ ਮਿੰਟ ਨੇ ਕਿਹਾ ਕਿ ਹਾਦਸੇ ’ਚ 54 ਵਿਅਕਤੀ ਜ਼ਖ਼ਮੀ ਹੋਏ ਹਨ। -ਆਈਏਐੱਨਐੱਸ/ਏਪੀ