ਜੋਹੈੱਨਸਬਰਗ, 10 ਜੁਲਾਈ
ਦੱਖਣੀ ਅਫ਼ਰੀਕਾ ’ਚ ਜੋਹਾਨੈੱਸਬਰਗ ਦੇ ਸੋਵੇਟੋ ਕਸਬੇ ਵਿਚ ਸਥਿਤ ਇਕ ਬਾਰ ’ਚ ਸਮੂਹਿਕ ਗੋਲੀਬਾਰੀ ’ਚ 15 ਜਣੇ ਮਾਰੇ ਗਏ ਹਨ ਤੇ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਨੇ ਦੱਸਿਆ ਕਿ ਉਹ ਉਨ੍ਹਾਂ ਰਿਪੋਰਟਾਂ ਦੀ ਜਾਂਚ ਕਰ ਰਹੇ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਸ਼ਨਿਚਰਵਾਰ ਦੇਰ ਰਾਤ ਇਕ ਮਿਨੀਬਸ ਟੈਕਸੀ ਵਿਚ ਕੁਝ ਲੋਕਾਂ ਦਾ ਇਕ ਸਮੂਹ ਆਇਆ ਤੇ ਉਨ੍ਹਾਂ ਬਾਰ ’ਚ ਕੁਝ ਲੋਕਾਂ ਉਤੇ ਗੋਲੀਬਾਰੀ ਕੀਤੀ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲੀਸ ਨੇ ਐਤਵਾਰ ਸਵੇਰੇ ਮ੍ਰਿਤਕ ਦੇਹਾਂ ਨੂੰ ਹਟਾਇਆ ਤੇ ਹੁਣ ਗੋਲੀਬਾਰੀ ਪਿਛਲੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਗੌਤੇਂਗ ਸੂਬੇ ਦੀ ਪੁਲੀਸ ਦੇ ਕਮਿਸ਼ਨਰ ਮੁਤਾਬਕ ਘਟਨਾ ਸਥਾਨ ਉਤੇ ਮਿਲੇ ਚੱਲੇ ਹੋਏ ਕਾਰਤੂਸਾਂ ਦੀ ਗਿਣਤੀ ਤੋਂ ਸੰਕੇਤ ਮਿਲਦਾ ਹੈ ਕਿ ਕਈ ਲੋਕਾਂ ਨੇ ਗੋਲੀਆਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉੱਥੇ ਮੌਜੂਦ ਲੋਕ ਲਾਇਸੈਂਸਸ਼ੁਦਾ ਬਾਰ ’ਚ ਜਸ਼ਨ ਮਨਾ ਰਹੇ ਸਨ। ਅਚਾਨਕ ਲੋਕਾਂ ਨੇ ਗੋਲੀਆਂ ਦੀ ਆਵਾਜ਼ ਸੁਣੀ ਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਘਟਨਾ ਪਿੱਛੇ ਮਕਸਦ ਕੀ ਸੀ ਤੇ ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ, ਇਸ ਬਾਰੇ ਹਾਲੇ ਜਾਣਕਾਰੀ ਨਹੀਂ ਹੈ। -ਏਪੀ