ਪੇਈਚਿੰਗ: ਚੀਨ ਨੇ ਕਿਹਾ ਹੈ ਕਿ ਪੂਰਬੀ ਲੱਦਾਖ ’ਚ ਅਪਰੈਲ 2020 ਦੀ ਸਥਿਤੀ ਬਹਾਲ ਕਰਨ ਲਈ ਭਾਰਤ ਦੀ ਤਜਵੀਜ਼ ’ਤੇ ਦੋਵੇਂ ਮੁਲਕਾਂ ਵਿਚਕਾਰ ਹੋਣ ਵਾਲੀਆਂ ਅਗਲੀਆਂ ਬੈਠਕਾਂ ’ਚ ਵਿਚਾਰ ਵਟਾਂਦਰਾ ਹੋ ਸਕਦਾ ਹੈ। ਕੋਰ ਕਮਾਂਡਰ ਪੱਧਰ ਦੀ 11ਵੇਂ ਗੇੜ ਦੀ ਵਾਰਤਾ ਸ਼ੁੱਕਰਵਾਰ ਨੂੰ ਹੋਣ ਦੀ ਸੰਭਾਵਨਾ ਵਾਲੀਆਂ ਰਿਪੋਰਟਾਂ ਦਰਮਿਆਨ ਚੀਨ ਨੇ ਕਿਹਾ ਕਿ ਪੂਰਬੀ ਲੱਦਾਖ ’ਚ ਸੰਘਰਸ਼ ਵਾਲੀਆਂ ਬਾਕੀ ਥਾਵਾਂ ਤੋਂ ਫ਼ੌਜਾਂ ਦੀ ਵਾਪਸੀ ’ਤੇ ਭਾਰਤ ਨਾਲ ਵਾਰਤਾ ਕਰਨ ’ਚ ਕੋਈ ਦੇਰੀ ਨਹੀਂ ਕੀਤੀ ਜਾ ਰਹੀ ਹੈ। ਦੋਵੇਂ ਮੁਲਕਾਂ ਦੇ ਕੋਰ ਕਮਾਂਡਰਾਂ ਵਿਚਕਾਰ 11ਵੇਂ ਗੇੜ ਦੀ ਬੈਠਕ ਲਈ ਤਰੀਕ ਦੀ ਪੁਸ਼ਟੀ ਕਰਨ ਬਾਰੇ ਪੁੱਛੇ ਜਾਣ ’ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜਿਆਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ,‘‘ਚੀਨ ਅਤੇ ਭਾਰਤ 11ਵੇਂ ਗੇੜ ਦੀ ਵਾਰਤਾ ਲਈ ਇਕ-ਦੂਜੇ ਦੇ ਸੰਪਰਕ ’ਚ ਹਨ। ਵਾਰਤਾ ਕਿਸੇ ਖਾਸ ਤਰੀਕ ’ਤੇ ਹੋਣ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।’’ ਉਧਰ ਦਿੱਲੀ ਤੋਂ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਦੇ ਕੋਰ ਕਮਾਂਡਰਾਂ ਦੀ ਬੈਠਕ ਸ਼ੁੱਕਰਵਾਰ ਨੂੰ ਹੋ ਸਕਦੀ ਹੈ। -ਪੀਟੀਆਈ