ਸਿਓਲ, 28 ਅਕਤੂਬਰ
ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਥੋੜ੍ਹੀ ਦੂਰ ਤੱਕ ਮਾਰ ਕਰਨ ਵਾਲੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਸਮੁੰਦਰ ਵੱਲ ਦਾਗੀਆਂ। ਅਮਰੀਕਾ ਵੱਲੋਂ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਉੱਤਰੀ ਕੋਰੀਆਂ ਵੱਲੋਂ ਪਿਛਲੇ ਦੋ ਹਫ਼ਤਿਆਂ ਵਿੱਚ ਪਹਿਲੀ ਵਾਰ ਬੈਲਿਸਟਿਕ ਹਥਿਆਰ ਦਾਗੇ ਗਏ ਹਨ। ਸਿਓਲ ਦੇ ਜੁਆਇੰਟ ਚੀਫ ਆਫ ਸਟਾਫ ਨੇ ਦੱਸਿਆ ਕਿ ਦੱਖਣੀ ਕੋਰੀਆ ਦੀ ਫ਼ੌਜ ਨੇ ਪਤਾ ਲਗਾਇਆ ਕਿ ਉੱਤਰੀ ਕੋਰੀਆ ਵੱਲੋਂ ਪੂਰਬੀ ਤੱਟਵਰਤੀ ਟੋਂਗਚੋਨ ਖੇਤਰ ਤੋਂ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਹਥਿਆਰਾਂ ਦੀ ਵੱਧ ਤੋਂ ਵੱਧ ਮਾਰ 230 ਕਿਲੋਮੀਟਰ ਅਤੇ ਉਚਾਈ 24 ਕਿਲੋਮੀਟਰ ਸੀ।
ਇੱਕ ਬਿਆਨ ਵਿੱਚ ਦੱਖਣੀ ਕੋਰੀਆ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਹੈ। ਉਸ ਨੇ ਉੱਤਰੀ ਕੋਰੀਆ ਦੀ ਇਸ ਕਾਰਵਾਈ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵੱਲੋਂ ਇਸ ਖਿੱਤੇ ਵਿੱਚ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ’ਤੇ ਲਗਾਈ ਪਾਬੰਦੀ ਦੀ ਉਲੰਘਣਾ ਕਰਾਰ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦੱਖਣੀ ਕੋਰੀਆ ਆਪਣੀ ਨਿਗਰਾਨ ਪ੍ਰਣਾਲੀ ਨੂੰ ਹੋਰ ਵਧਾ ਦਿੱਤਾ ਹੈ।
ਯੂਐਸ ਇੰਡੋ ਪੈਸੀਫਿਕ ਕਮਾਂਡ ਨੇ ਕਿਹਾ ਕਿ ਇਹ ਕਾਰਵਾਈ ਸੰਯੁਕਤ ਰਾਜ ਜਾਂ ਇਸ ਦੇ ਸਹਿਯੋਗੀਆਂ ਲਈ ਤੁਰੰਤ ਖ਼ਤਰਾ ਨਹੀਂ ਹੈ ਪਰ ਉੱਤਰੀ ਕੋਰੀਆ ਦੇ ਗ਼ੈਰ-ਕਾਨੂੰਨੀ ਪ੍ਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ।
ਜਾਪਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਵੀ ਇਨ੍ਹਾਂ ਹਥਿਆਰਾਂ ਨੂੰ ਦਾਗਣ ਦਾ ਪਤਾ ਲਗਾਇਆ ਹੈ। ਇਸ ਦੌਰਾਨ ਵਰਤੀਆਂ ਗਈਆਂ ਮਿਜ਼ਾਈਲਾਂ ਦੀ ਕਿਸਮ ਅਤੇ ਉਨ੍ਹਾਂ ਦੀ ਉਡਾਣ ਦੀ ਜਾਣਕਾਰੀ ਦਾ ਅਜੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। -ਏਪੀ