ਪੱਤਰ ਪ੍ਰੇਰਕ
ਤਰਨ ਤਾਰਨ, 11 ਨਵੰਬਰ
ਇਲਾਕੇ ਦੇ ਪਿੰਡ ਸ਼ਿੰਗਾਰਪੁਰ ਦੇ ਇਕ 20 ਸਾਲਾ ਨੌਜਵਾਨ ਨੇ ਬੀਤੀ ਰਾਤ ਘਰ ਦੇ ਕਮਰੇ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ| ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਵਜੋਂ ਹੋਈ ਹੈ|
ਸਰਹਾਲੀ ਪੁਲੀਸ ਨੇ ਅਰਸ਼ਦੀਪ ਸਿੰਘ ਨੂੰ ਖੁਦਕੁਸ਼ੀ ਕਰਨ ਦਾ ਕਦਮ ਚੁੱਕਣ ਲਈ ਉਕਸਾਉਣ ਵਾਲੇ ਤਿੰਨ ਜਣਿਆਂ ਦੀ ਸ਼ਨਾਖਤ ਕੀਤੀ ਹੈ। ਇਨ੍ਹਾਂ ਵਿੱਚ ਉਸ ਦੇ ਪਿੰਡ ਸ਼ਿੰਗਾਰਪੁਰ ਦੇ ਗੁਰਮੀਤ ਸਿੰਘ, ਪ੍ਰਧਾਨ ਸਿੰਘ ਅਤੇ ਗੁਰਬੀਰ ਸਿੰਘ ਗੋਰਾ ਦਾ ਨਾਮ ਸ਼ਾਮਲ ਹੈ| ਮ੍ਰਿਤਕ ਦੀ ਮਾਤਾ ਬਲਵਿੰਦਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਲੜਕੇ ਅਰਸ਼ਦੀਪ ਸਿੰਘ ਨੂੰ ਬੁੱਧਵਾਰ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਸਨ, ਜਿਸ ਕਾਰਨ ਉਹ ਪ੍ਰੇਸ਼ਾਨ ਸੀ| ਬੁੱਧਵਾਰ ਦੀ ਰਾਤ ਨੂੰ ਸਾਰਾ ਪਰਿਵਾਰ ਖਾਣਾ ਆਦਿ ਖਾ ਕੇ ਸੌਂ ਗਿਆ ਤੇ ਸਵੇਰ ਵੇਲੇ ਦੇਰ ਤੱਕ ਅਰਸ਼ਦੀਪ ਸਿੰਘ ਆਪਣੇ ਕਮਰੇ ਵਿੱਚੋਂ ਬਾਹਰ ਨਾ ਆਇਆ| ਪਰਿਵਾਰ ਵਾਲਿਆਂ ਨੇ ਆਸ-ਪਾਸ ਦੇ ਲੋਕਾਂ ਨੂੰ ਨਾਲ ਲੈ ਕੇ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ, ਜਦੋਂ ਦਰਵਾਜ਼ਾ ਖੜਕਾਉਣ ‘ਤੇ ਵੀ ਨਾ ਖੋਲ੍ਹਿਆ ਤਾਂ ਪਰਿਵਾਰ ਨੇ ਲੋਕਾਂ ਦੀ ਮਦਦ ਨਾਲ ਦਰਵਾਜ਼ੇ ਦੀ ਜਾਲੀ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਅਰਸ਼ਦੀਪ ਸਿੰਘ ਨੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਸੀ| ਪਰਿਵਾਰ ਮੁਤਾਬਕ ਉਸ ਦੀ ਲਾਸ਼ ਗਾਰਡਰ ਨਾਲ ਲਟਕ ਰਹੀ ਸੀ| ਥਾਣਾ ਸਰਹਾਲੀ ਦੇ ਪੁਲੀਸ ਅਧਿਕਾਰੀ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਧਾਰਾ 306, 34 ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ ਤੇ ਮੁਲਜ਼ਮ ਫਰਾਰ ਹੋ ਗਏ ਹਨ|