ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਨਵੰਬਰ
ਅੰਮ੍ਰਿਤਸਰ ਵਿੱਚ ਅੱਜ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਜਿੱੱਥੇ ਇਕ ਪਾਸੇ ਹਿੰਦੂ ਸਮਾਜ ਸਮੇਤ ਹੋਰ ਅਮਨ ਪਸੰਦ ਵਰਗਾਂ ਦੇ ਲੋਕਾਂ ਵਿੱਚ ਡਰ, ਸਹਿਮ, ਚਿੰਤਾ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਇਸ ਘਟਨਾ ਕਾਰਨ ਬਣੇ ਅਣਸੁਖਾਵੇਂ ਹਾਲਾਤ ਕਰ ਕੇ ਪਟਿਆਲਾ ਸ਼ਹਿਰ ‘ਚ ਵੀ ਇਹਤਿਆਤ ਵਜੋਂ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ।
ਇਸ ਦੌਰਾਨ ਭਾਵੇਂ ਕਿ ਸਮੁੱਚੇ ਸ਼ਹਿਰ ਵਿੱਚ ਪੁਲੀਸ ਦੀਆਂ ਟੀਮਾ ਸ਼ਹਿਰ ਵਿੱਚ ਗਸ਼ਤ ਕਰ ਰਹੀਆਂ ਹਨ ਉੱਥੇ ਹੀ ਪਹਿਲਾਂ ਤੋਂ ਸ਼ਨਾਖਤ ਕੀਤੀਆਂ ਹੋਈਆਂ ਸ਼ਹਿਰ ਵਿਚਲੀਆਂ ਕੁਝ ਸੰਵੇਦਨਸ਼ੀਲ ਥਾਵਾਂ ‘ਤੇ ਲੋੜ ਮੁਤਾਬਕ ਪੁਲੀਸ ਮੁਲ਼ਾਜਮਾਂ ਦੀ ਤਾਇਨਾਤੀ ਕੀਤੀ ਗਈ। ਇਨ੍ਹਾਂ ਥਾਵਾਂ ‘ਚ ਇੱਥੇ ਸਥਿਤ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਸਮੇਤ ਕੁਝ ਹੋਰ ਧਾਰਮਿਕ ਅਸਥਾਨਾਂ ‘ਤੇ ਪਹਿਲਾਂ ਤੋਂ ਤਾਇਨਾਤ ਪੁਲੀਸ ਦੀ ਨਫਰੀ ‘ਚ ਹੋਰ ਵਾਧਾ ਕੀਤਾ ਗਿਆ ਹੈ।
ਮੁੱਖ ਤੌਰ ‘ਤੇ ਭਾਵੇਂ ਕਿ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਇੰਸਪੈਕਟਰ ਜਨਰਲ ਮੁਖਵਿੰਦਰ ਛੀਨਾ ਅਤੇ ਐੱਸਐੱਸਪੀ ਦੀਪਕ ਪਾਰਿਕ ਹੀ ਕਰ ਰਹੇ ਹਨ ਪਰ ਐੱਸਪੀ (ਸਿਟੀ) ਵਜ਼ੀਰ ਸਿੰਘ ਖਹਿਰਾ, ਐੱਸਪੀ (ਡੀ) ਹਰਬੀਰ ਅਟਵਾਲ, ਡੀਐੱਸਪੀ ਜਸਵਿੰਦਰ ਟਿਵਾਣਾ, ਗੁਰਦੇਵ ਧਾਲੀਵਾਲ, ਹਰਦੀਪ ਬਡੂੰਗਰ ਤੇ ਸੰਜੀਵ ਸਿੰਗਲਾ ਆਦਿ ਪੁਲੀਸ ਅਧਿਕਾਰੀਆਂ ਨੇ ਵੀ ਆਪੋ-ਆਪਣੇ ਖੇਤਰਾਂ ‘ਚ ਮੋਰਚੇ ਸੰਭਾਲੇ ਹੋਏ ਹਨ। ਦੱਸਣਯੋਗ ਹੈ ਕਿ ਖਾਲਿਸਤਾਨ ਦੇ ਹੱਕ ਅਤੇ ਖ਼ਿਲਾਫ਼ ਮਾਰਚ ਕੱਢਣ ਦੇ ਐਲਾਨਨਾਮਿਆਂ ਕਰ ਕੇ ਪਿਛਲੇ ਸਾਲ ਇੱਥੇ ਹਿੰਦੂਆਂ ਅਤੇ ਸਿੱਖਾਂ ਦੇ ਗੁੱਟਾਂ ਵਿਚਾਲੇ ਹੋਏ ਜ਼ਬਰਦਸਤ ਟਕਰਾਅ ਦੀ ਵਾਪਰ ਚੁੱੱਕੀ ਘਟਨਾ ਕਰ ਕੇ ਹੀ ਪੁਲੀਸ ਫੋਰਸ ਇਸ ਪੱਖ ਤੋਂ ਪਹਿਲਾਂ ਤੋਂ ਹੀ ਵਧੇਰੇ ਚੌਕਸ ਹੋ ਗਈ ਹੈ, ਪਰ ਅੱਜ ਦੀ ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਸਮੁੱਚੇ ਸ਼ਹਿਰ ਵਿੱਚ ਚੌਕਸੀ ਵਧਾਉਂਦਿਆਂ ਹਰੇਕ ਸੰਵੇਦਨਸ਼ੀਲ ਥਾਂ ‘ਤੇ ਪੁਲੀਸ ਦੀਆਂ ਟੀਮਾਂ ਦੀ ਤਾਇਨਾਤੀ ਕਰ ਦਿੱਤੀ। ਐੱਸਪੀ ਵਜ਼ੀਰ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਜਿੱਥੇ ਕਈ ਥਾਵਾਂ ‘ਤੇ ਪੁਲੀਸ ਨੇ ਸੀਸੀਟੀਵੀ ਕੈਮਰੇ ਲਾਏ ਹੋਏ ਹਨ, ਉੱਥੇ ਹੀ ਦਿਨ-ਰਾਤ ਗਸ਼ਤ ਕਰਨ ਵਾਲੇ ਵਿਸ਼ੇਸ਼ ਵਾਹਨਾਂ ‘ਤੇ ਵੀ ਬਾਕਾਇਦਾ ਕੈਮਰੇ ਫਿੱਟ ਕੀਤੇ ਗਏ ਹਨ, ਜੋ ਸਮੁੱਚੀਆਂ ਗਤੀਵਿਧੀਆਂ ‘ਤੇ ਬਾਜ ਅੱਖ ਰੱਖ ਰਹੇ ਹਨ।
ਉੱਧਰ, ਜੇਲ੍ਹ ਤੇ ਮਿਨੀ ਸਕੱਤਰੇਤ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਖੇਤਰ ਨਾਲ ਸਬੰਧਤ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਨੂੰ ਵੀ ਇਸ ਖੇਤਰ ‘ਚ ਦਿਨ-ਰਾਤ ਚੌਕਸੀ ਰੱਖਣ ਲਈ ਆਖਿਆ ਗਿਆ ਹੈ। ਇਸੇ ਤਰ੍ਹਾਂ ਸ੍ਰੀ ਕਾਲੀ ਮਾਤਾ ਮੰਦਰ ਦੇ ਦੁਆਲੇ ਤਾਂ ਹੋਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾ ਚੁੱਕੇ ਹਨ।