ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਜ਼ੀਰਾ ਦੇ ਗੁਰੂ ਤੇਗ ਬਹਾਦਰ ਨਗਰ ਵਿਚ ਛੇ ਦਿਨ ਪਹਿਲਾਂ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਨੇ ਫ਼ਰੀਦਕੋਟ ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ। ਥਾਣਾ ਸਿਟੀ ਜ਼ੀਰਾ ਪੁਲੀਸ ਨੇ ਇਸ ਮਾਮਲੇ ਵਿਚ ਇੱਕ ਔਰਤ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਿਤਾ ਬੂਟਾ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਲੰਘੀ 17-18 ਜੂਨ ਦੀ ਰਾਤ ਨੂੰ ਉਸ ਦੀ ਕਲੋਨੀ ਵਿਚ ਰਹਿੰਦੇ ਦੋ ਭਰਾ ਗੋਰਾ ਅਤੇ ਜੱਗਾ ਨੇ ਉਸ ਦੇ ਬੇਟੇ ਹਰਮਨਪ੍ਰੀਤ ਸਿੰਘ (23) ਨੂੰ ਵਰਗਲਾ ਕੇ ਆਪਣੇ ਘਰ ਬੁਲਾਇਆ ਤੇ ਉਥੇ ਉਸ ਦੀ ਕੁੱਟਮਾਰ ਕੀਤੀ। ਵਜ੍ਹਾ ਇਹ ਸੀ ਕਿ ਹਰਮਨਪ੍ਰੀਤ ਤੇ ਮੁਲਜ਼ਮ ਗੋਰਾ ਦੀ ਪਤਨੀ ਸ਼ਿੰਦਰਪਾਲ ਕੌਰ ਦੇ ਆਪਸ ਵਿਚ ਕਥਿਤ ਨਾਜਾਇਜ਼ ਸਬੰਧ ਸਨ। ਥਾਣਾ ਸਿਟੀ ਜ਼ੀਰਾ ਮੁਖੀ ਦੀਪਿਕਾ ਰਾਣੀ ਨੇ ਦੱਸਿਆ ਕਿ ਗੋਰਾ, ਜੱਗਾ ਤੇ ਗੋਰਾ ਦੀ ਪਤਨੀ ਸ਼ਿੰਦਰਪਾਲ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।