ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਜੂਨ
ਵੈਟਰਨਰੀ ਅਫਸਰਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਜੇਕਰ ਹੁਣ ਵੀ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਵਕਤੀ ਤੌਰ ‘ਤੇ ਰੋਕੇ ਗਏ ਸੰਘਰਸ਼ ਨੂੰ ਮੁੜ ਭਖਾਉਣ ਲਈ ਮਜਬੂਰ ਹੋ ਜਾਣਗੇ। ਜੁਆਇੰਟ ਐਕਸ਼ਨ ਕਮੇਟੀ ਵੱਲੋਂ ਇੱਕ ਵਫਦ ਨੇ ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਨਵੇਂ ਬਣੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ। ਕਮੇਟੀ ਦੇ ਸੂਬਾ ਕਨਵੀਨਰ ਡਾ. ਰਾਜਿੰਦਰ ਸਿੰਘ ਅਤੇ ਕੋ ਕਨਵੀਨਰ ਡਾ. ਗੁਰਚਰਨ ਸਿੰਘ ਦੀ ਅਗਵਾਈ ਵਾਲੇ ਇਸ ਵਫਦ ਨੇ ਕੈਬਨਿਟ ਮੰਤਰੀ ਨਾਲ ਪੇਅ ਪੈਰਿਟੀ ਦੇ ਮਸਲੇ ‘ਤੇ ਵੀ ਗੱਲਬਾਤ ਕੀਤੀ। ਜਿਸ ਵਿੱਚ ਮੰਤਰੀ ਨੇ ਜਲਦੀ ਹੀ ਵਿਸਥਾਰੀ ਮੀਟਿੰਗ ਦਾ ਭਰੋਸਾ ਦਿੱਤਾ। ਕਮੇਟੀ ਦੇ ਸੂਬਾ ਸਕੱਤਰ ਡਾ .ਸੁਰਜੀਤ ਸਿੰਘ ਮੱਲ ਅਤੇ ਜ਼ਿਲ੍ਹਾ ਆਰਗੇਨਾਈਜਰ ਡਾ. ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਵੈਟਰਨੀ ਅਫਸਰਾਂ ਦੀ ਮੈਡੀਕਲ ਅਫਸਰਾਂ ਨਾਲ ਲੰਮੇ ਸਮੇਂ ਤੋਂ ਚੱਲੀ ਆਉਂਦੀ ਪੇਅ ਪੈਰਿਟੀ ਤੋੜ ਦਿੱਤੀ ਸੀ। ਇਸ ਪੇਅ ਪੈਰਿਟੀ ਨੂੰ ਮੁੜ ਬਹਾਲ ਕਰਵਾਉਣ ਲਈ ਐਕਸ਼ਨ ਕਮੇਟੀ ਪਿਛਲੇ ਸਵਾ ਸਾਲ ਤੋਂ ਅਪੀਲ ਦਲੀਲ ਨਾਲ ਮੌਜੂਦਾ ਸਰਕਾਰ ਨਾਲ ਗੱਲਬਾਤ ਚਲਾ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕੇ ਜੇਕਰ ਅਜੇ ਵੀ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ।