ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਨਵੰਬਰ
ਇੱਥੇ ਅੱਜ ਦੋ ਸੜਕ ਹਾਦਸਿਆਂ ਵਿੱਚ ਦੋ ਜਣੇ ਹਲਾਕ ਹੋ ਗਏ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਅਮਿਤ ਕੁਮਾਰ ਸਿੰਘ ਪੁੱਤਰ ਮੁਕੇਸ਼ ਕੁਮਾਰ ਸਿੰਘ ਵਾਸੀ ਪਿੰਡ ਜੰਡਿਆਲੀ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਮੁਕੇਸ਼ ਕੁਮਾਰ ਸਿੰਘ (49 ਸਾਲ) ਸਾਹਨੇਵਾਲ ਰੋਡ ‘ਤੇ ਪੈਦਲ ਜਾ ਰਹੇ ਸੀ ਤਾਂ ਕੋਹਾੜਾ ਰੋਡ ‘ਤੇ ਬਣੇ ਰੇਲਵੇ ਪੁਲ ਨੇੜੇ ਕਿਸੇ ਵਾਹਨ ਨੇ ਉਨ੍ਹਾਂ ਵਿੱਚ ਟੱਕਰ ਮਾਰੀ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ। ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਅ ਗਿਆ ਹੈ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਆਰਤੀ ਬਾਂਸਲ ਪਤਨੀ ਰਾਜਨ ਬਾਂਸਲ ਵਾਸੀ ਪਿੰਕ ਫਲੈਟ ਰਾਜਗੁਰੂ ਨਗਰ ਨੇ ਦੱਸਿਆ ਹੈ ਕਿ ਉਹ ਆਪਣੇ ਪਤੀ ਰਾਜਨ ਬਾਂਸਲ ਪੁੱਤਰ ਸ੍ਰੀ ਰਾਧਾ ਕ੍ਰਿਸ਼ਨ (46 ਸਾਲ) ਨਾਲ ਆਪਣੀ ਗੱਡੀ ‘ਤੇ ਮਾਰਕੀਟ ਤੋਂ ਆ ਰਹੀ ਸੀ। ਉਸ ਦੇ ਪਤੀ ਨੇ ਫਿਰੋਜ਼ਪੁਰ ਰੋਡ ਦੀ ਸਾਇਡ ‘ਤੇ ਗੱਡੀ ਰੋਕੀ। ਇਸ ਦੌਰਾਨ ਉਹ ਪੈਦਲ ਹੀ ਬੈਂਕ ਵਿੱਚ ਪੇਸੇ ਜਮ੍ਹਾਂ ਕਰਵਾ ਕੇ ਵਾਪਸ ਆ ਰਹੇ ਸੀ ਤਾਂ ਫਿਰੋਜ਼ਪੁਰ ਤੋਂ ਲੁਧਿਆਣਾ ਵੱਲ ਆਉਂਦੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਇਲਾਜ ਲਈ ਗੁਰਦੇਵ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।