ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 29 ਜੂਨ
ਬੁੱਧਵਾਰ ਦੀ ਰਾਤ ਅੱਬੂਵਾਲ ਸੰਪਰਕ ਸੜਕ ਉੱਪਰ ਪੈਟਰੋਲ ਪੰਪ ਲੁੱਟਣ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਅੱਧੀ ਰਾਤ ਸਮੇਂ ਇੱਕ ਕਿਸਾਨ ਦੀ ਮੋਟਰ ‘ਤੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਰਾਮਾ ਸੋਨੀ ਅਤੇ ਅਖਿਲੇਸ਼ ਯਾਦਵ ਨੂੰ ਬੰਨ੍ਹ ਕੇ ਉਨ੍ਹਾਂ ਕੋਲੋਂ ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਲੁੱਟਣ ਵਾਲੇ ਮੁਲਜ਼ਮਾਂ ਵਿੱਚੋਂ ਦੋ ਨੂੰ ਥਾਣਾ ਸੁਧਾਰ ਦੀ ਪੁਲੀਸ ਨੇ 24 ਘੰਟੇ ਵਿੱਚ ਹੀ ਕਾਬੂ ਕਰ ਕੇ ਦੋ ਮੋਟਰਸਾਈਕਲ ਅਤੇ ਦੋ ਮੋਬਾਈਲ ਫ਼ੋਨ ਬਰਾਮਦ ਕਰ ਲਏ ਹਨ।
ਮੁਲਜ਼ਮਾਂ ਦੀ ਪਛਾਣ ਬੂਟਾ ਸਿੰਘ ਵਾਸੀ ਰੱਤੋਵਾਲ ਅਤੇ ਧਰਮਪਾਲ ਸਿੰਘ ਵਾਸੀ ਹਲਵਾਰਾ ਵਜੋਂ ਹੋਈ ਹੈ ਅਤੇ ਮੁੱਖ ਮੁਲਜ਼ਮ ਨਿਹੰਗ ਰਣਜੋਧ ਸਿੰਘ ਫ਼ਰਾਰ ਹੋ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਲੁੱਟ-ਖੋਹ ਦਾ ਸਮਾਨ ਰੱਖਣ ਲਈ ਪਿੰਡ ਅਕਾਲਗੜ੍ਹ ਵਿੱਚ ਨਿਹੰਗਾਂ ਵੱਲੋਂ ਕਬਜ਼ਾ ਕੀਤੀ ਕੋਠੀ ਨੂੰ ਠਿਕਾਣਾ ਬਣਾਇਆ ਹੋਇਆ ਸੀ। ਰਣਜੋਧ ਪਿੰਡ ਅਕਾਲਗੜ੍ਹ ਵਿੱਚ ਨਿਹੰਗਾਂ ਦੇ ਇੱਕ ਧੜੇ ਦੇ ਕਬਜ਼ੇ ਵਾਲੀ ਕੋਠੀ ਵਿੱਚ ਕਾਫ਼ੀ ਅਰਸੇ ਤੋਂ ਰਹਿੰਦਾ ਹੈ। ਅੱਧੀ ਰਾਤ ਨੂੰ ਵਾਰਦਾਤ ਬਾਅਦ ਗ੍ਰਿਫ਼ਤਾਰ ਬੂਟਾ ਸਿੰਘ ਅਤੇ ਧਰਮਪਾਲ ਸਿੰਘ ਵੀ ਉਸ ਦੇ ਨਾਲ ਹੀ ਕੋਠੀ ਵਿੱਚ ਰਹੇ।
ਖੇਤੀ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਕਾਬੂ
ਜਗਰਾਉਂ (ਪੱਤਰ ਪ੍ਰੇਰਕ): ਬੀਤੀ ਦੇਰ ਰਾਤ ਨੂੰ ਪਿੰਡ ਲੱਖਾ ਤੋਂ ਚਕਰ ਵਾਲੀ ਸੜਕ ‘ਤੇ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲਾ ਚੋਰ ਕਿਸਾਨਾਂ ਨੇ ਮੌਕੇ ‘ਤੇ ਹੀ ਕਾਬੂ ਕਰ ਲਿਆ ਜਦਕਿ ਉਸ ਦਾ ਸਾਥੀ ਚਕਮਾ ਦੇ ਕੇ ਫਰਾਰ ਹੋ ਗਿਆ। ਕਾਬੂ ਕੀਤੇ ਚੋਰ, ਜੋ ਕਿ ਪਿੰਡ ਬੱਸੀਆਂ ਦਾ ਦੱਸ ਰਿਹਾ ਹੈ ਨੂੰ ਲੋਕਾਂ ਨੇ ਪੁਲੀਸ ਹਵਾਲੇ ਕਰ ਦਿੱਤਾ ਹੈ। ਪੁਲੀਸ ਨੇ ਸੰਪਰਕ ਕਰਨ ‘ਤੇ ਦੱਸਿਆ ਕਿਸਾਨਾਂ ਨੇ ਲਿਖਤੀ ਰੂਪ ‘ਚ ਚੋਰ ਖਿਲਾਫ ਕਾਰਵਾਈ ਨਾ ਕਰਵਾਉਣ ਬਾਰੇ ਆਖਿਆ ਹੈ। ਇਸ ਮਾਮਲੇ ਬਾਰੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੋਟਰਾਂ ਤੋਂ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਤੋਂ ਕਿਸਾਨ ਵਰਗ ਕਾਫੀ ਪ੍ਰੇਸ਼ਾਨ ਹੈ। ਬੀਤੀ ਦੇਰ ਰਾਤ ਕਰੀਬ 9 ਵਜੇ ਕੁੱਝ ਕਿਸਾਨ ਮੋਟਰਾਂ ਦੀ ਨਿਗਰਾਨੀ ਕਰ ਰਹੇ ਸਨ ਤਾਂ ਦੋ ਚੋਰ ਇੱਕ ਮੋਟਰ ਦੀਆਂ ਤਾਰਾਂ ਚੋਰੀ ਕਰ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਮੌਕੇ ‘ਤੇ ਫੜ੍ਹੇ ਲਿਆ ਗਿਆ ਸੀ। ਫੜ੍ਹੇ ਚੋਰ ਨੂੰ ਕਿਸਾਨਾ ਨੇ ਹਠੂਰ ਪੁਲੀਸ ਦੇ ਹਵਾਲੇ ਕਰ ਦਿੱਤਾ। ਕਿਸਾਨਾ ਨੇ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਪਰ ਜਦੋਂ ਇਸ ਸਬੰਧੀ ਥਾਣਾ ਹਠੂਰ ਦੇ ਇੰਚਾਰਜ ਇੰਸਪੈਕਟਰ ਰੁਪਿੰਦਰ ਕੌਰ ਢਿੱਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਦੱਸਿਆ ਕਿ ਜੋ ਪਿੰਡ ਲੱਖਾ ਦੇ ਵਿਅਕਤੀ ਸਾਨੂੰ ਚੋਰ ਥਾਣੇ ਫੜਾ ਕੇ ਗਏ ਹਨ, ਨਾਲ ਹੀ ਉਹ ਲਿਖਤੀ ਰੂਪ ਵਿੱਚ ਲਿਖ ਕੇ ਦੇ ਗਏ ਕਿ ਅਸੀ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ।