ਖੇਤਰੀ ਪ੍ਰਤੀਨਿਧ
ਪਟਿਆਲਾ, 4 ਨਵੰਬਰ
ਪੰਜਾਬ ਸਰਕਾਰ ਵੱਲੋਂ ਅੱਜ ਤਰੱਕੀ ਦੇ ਕੇ ਡੀਆਈਜੀ ਬਣਾਏ ਗਏ ਚਾਰ ਆਈਪੀਐੱਸ ਅਧਿਕਾਰੀਆਂ ਵਿੱਚੋਂ ਤਿੰਨ ਦਾ ਪਟਿਆਲਾ ਸ਼ਹਿਰ ਨਾਲ ਗੂੜ੍ਹਾ ਸਬੰਧ ਹੈ। ਕਿਉਂਕਿ ਇਨ੍ਹਾਂ ਵਿਚੋਂ ਨਰਿੰਦਰ ਭਾਰਗਵ ਪਟਿਆਲਾ ਦੇ ਪੱਕੇ ਵਸਨੀਕ ਅਤੇ ਸ਼ਹਿਰ ਦੇ ਪਹਿਲੇ ਮੇਅਰ ਵਿਸ਼ਨੂੰ ਸ਼ਰਮਾ ਦੇ ਸਕੇ ਭਰਾ ਹਨ। ਉਹ ਕਈ ਥਾਈਂ ਐੱਸਐੱਸਪੀ ਵਜੋਂ ਸੇਵਾਵਾਂ ਨਿਭਾਅ ਚੁੱੱਕੇ ਹਨ।
ਡੀਆਈਜੀ ਬਣੇ ਸੰਗਰੂਰ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਮੂਲ ਰੂਪ ਤੋਂ ਭਾਵੇਂ ਕਿ ਮੁਕਤਸਰ ਤੋਂ ਹਨ, ਪਰ ਪਟਿਆਲਾ ‘ਚ ਹੀ ਪੜ੍ਹਨ ਅਤੇ ਵਧੇਰੇ ਸਮਾਂ ਪਟਿਆਲਾ ‘ਚ ਹੀ ਤਾਇਨਾਤੀ ਰਹਿਣ ਕਰ ਕੇ ਹੁਣ ਉਨ੍ਹਾਂ ਨੇ ਇੱਥੇ ਹੀ ਰਿਹਾਇਸ਼ ਬਣਾਈ ਹੋਈ ਹੈ। ਉਹ ਮਹਿਕਮੇ ‘ਚ ਨਰਮ ਅਤੇ ਗਰਮ ਦਿਲ ਦੇ ਸੁਮੇਲ ਵਾਲੀ ਤਸੀਰ ਵਾਲੇ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਉਹ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਜਿੱਥੇ ਪਟਿਆਲਾ ਜ਼ਿਲ੍ਹੇ ਦੇ ਐੱਸਐੱਸਪੀ ਰਹੇ, ਉੱਥੇ ਹੀ ਹੁਣ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਦੀ ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਐੱਸਐੱਸਪੀ ਵਜੋਂ ਚੋਣ ਕੀਤੀ ਹੈ। ਉਨ੍ਹਾਂ ਨੂੰ ਜਿੱਥੇ ਮਜਲੂਮਾਂ, ਗਰੀਬਾਂ ਅਤੇ ਲੋੜਵੰਦਾਂ ਦੇ ਮਦਦਗਾਰ ਵਜੋਂ ਜਾਣਿਆ ਜਾਂਦਾ ਹੈ, ਉੱਥੇ ਹੀ ਉਨ੍ਹਾਂ ਦੀ ਪਛਾਣ ਭ੍ਰਿਸ਼ਟ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਸਮੇਤ ਸਰਕਾਰੀ ਰੁਤਬਿਆਂ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਲੰਬੇ ਹੱਥੀਂ ਲੈਣ ਵਾਲੇ ਸਖ਼ਤ ਪੁਲੀਸ ਅਧਿਕਾਰੀ ਵਜੋਂ ਵੀ ਹੈ। ਕਈ ਥਾਵਾਂ ‘ਤੇ ਉਹ ਪਟਿਆਲਾ ਨੂੰ ਆਪਣੇ ਪੇਕੇ ਘਰ ਦੀ ਤਰ੍ਹਾਂ ਮਹਿਸੂਸ ਕਰਦੇ ਹੋਣ ਦੀ ਗੱਲ ਵੀ ਆਖਦੇ ਹਨ। ਡੀਆਈਜੀ ਬਣੇ ਰਣਜੀਤ ਸਿੰਘ ਢਿੱਲੋਂ ਵੀ ਪਟਿਆਲਾ ਦੇ ਰਹਿਣ ਵਾਲੇ ਹਨ। ਡੀਆਈਜੀ ਬਣੇ ਚੌਥੇ ਅਧਿਕਾਰੀ ਗੁਰਦਿਆਲ ਸਿੰਘ ਹਨ। ਇਨ੍ਹਾਂ ਤਰੱਕੀਆਂ ਦਾ ਸਥਾਨਕ ਲੋਕਾਂ ਨੇ ਨਿੱਘਾ ਸਵਾਗਤ ਕੀਤਾ ਹੈ।