ਪੱਤਰ ਪ੍ਰੇਰਕ
ਪਠਾਨਕੋਟ, 15 ਫਰਵਰੀ
ਪਠਾਨਕੋਟ ਕੈਂਟ ਰੇਲਵੇ ਪੁਲੀਸ (ਜੀਆਰਪੀ) ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਬੈਠੇ 3 ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰਵੀਨ, ਅਜੀਤ ਅਤੇ ਨਰੇਸ਼ ਵਾਸੀ ਜ਼ਿਲ੍ਹਾ ਹਿਸਾਰ (ਹਰਿਆਣਾ) ਵੱਜੋਂ ਹੋਈ ਹੈ।
ਐਸਐਚਓ ਸੁਖਵਿੰਦਰ ਸਿੰਘ ਸਰਾਂ ਅਤੇ ਚੌਕੀ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਅਸਮਾਜਿਕ ਤੱਤਾਂ ਨੂੰ ਫੜਨ ਲਈ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਜਦ ਪੁਲੀਸ ਟੁਕੜੀ ਰਿਜ਼ਰਵੇਸ਼ਨ ਸੈਂਟਰ ਦੇ ਕੋਲ ਪੁੱਜੀ ਤਾਂ 3 ਸ਼ੱਕੀ ਉਨ੍ਹਾਂ ਨੂੰ ਦੇਖ ਕੇ ਸਹਿਮ ਗਏ ਜਿਸ ਦੇ ਬਾਅਦ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਤਿੰਨਾਂ ਕੋਲੋਂ ਇੱਕ ਤੇਜ਼ਧਾਰ ਦਾਤਰ, ਚੋਰੀ ਦੇ 4 ਮੋਬਾਈਲ ਫੋਨ, ਇੱਕ ਚਾਕੂ, ਜਿਪ ਖੋਲ੍ਹਣ ਵਾਲੀ ਹੁੱਕ, ਸਰਜੀਕਲ ਬਲੇਡ ਅਤੇ ਇੱਕ ਨੁਕੀਲਾ ਪਲਾਸ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਤਿੰਨੇ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੇ ਰਹਿਣ ਵਾਲੇ ਹਨ ਅਤੇ ਪਠਾਨਕੋਟ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਪੁੱਛਗਿੱਛ ਲਈ 2 ਦਿਨ ਦਾ ਪੁਲੀਸ ਰਿਮਾਂਡ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਪੇਸ਼ੇਵਰ ਗਰੋਹ ਹੈ ਅਤੇ ਇੰਨ੍ਹਾਂ ਉਪਰ ਹਰਿਆਣਾ ਵਿੱਚ ਪਹਿਲਾਂ ਵੀ ਲੁੱਟ ਖਸੁੱਟ ਅਤੇ ਹੋਰ ਵਾਰਦਾਤਾਂ ਦੇ ਮਾਮਲੇ ਦਰਜ ਹਨ।
ਲੁਟੇਰਾ ਗਰੋਹ ਦਾ ਪਰਦਾਫਾਸ਼
ਤਰਨ ਤਾਰਨ (ਪੱਤਰ ਪ੍ਰੇਰਕ): ਥਾਣਾ ਪੱਟੀ ਸਦਰ ਦੀ ਪੁਲੀਸ ਨੇ ਬੀਤੇ ਕਲ ਇਕ ਸੱਤ-ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ. ਇਸ ਸਬੰਧੀ ਐਸ ਪੀ ਵਿਸ਼ਾਲਜੀਤ ਸਿੰਘ ਨੇ ਅੱਜ ਇਥੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਗਰੋਹ ਦੇ ਪੰਜ ਲੁਟੇਰਿਆਂ ਨੂੰ ਸਰਹੱਦੀ ਖੇਤਰ ਦੇ ਪਿੰਡ ਸੰਘਵਾਂ ਦੇ ਬੱਸ ਅੱਡਾ ਨੇੜਿਓਂ ਗਿ੍ਰਫਤਾਰ ਕਰ ਲਿਆ| ਉਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ| ਅਧਿਕਾਰੀ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਲੁਟੇਰਿਆਂ ਦੀ ਸ਼ਨਾਖਤ ਜੱਜਬੀਰ ਸਿੰਘ ਜੱਜ ਜੁਗਾੜੀ, ਕੁਲਦੀਪ ਸਿੰਘ, ਜਸਬੀਰ ਸਿੰਘ ਸੋਨਾ ਮੇਸ੍ਵੂ ਵਾਸੀ ਪੱਟੀ, ਸਰਮੇਲ ਸਿੰਘ ਵਾਸੀ ਵਰਪਾਲ ਅਤੇ ਸਰਬਜੀਤ ਸਿੰਘ ਵਾਸੀ ਕਿੜੀਆਂ ਦੇ ਤੌਰ ਤੇ ਹੋਈ ਹੈ| ਮੁਲਜ਼ਮਾਂ ਕੋਲੋਂ ਇਕ ਦੇਸੀ ਪਿਸਤੌਲ, ਪੰਜ ਰੌਂਦ ਅਤੇ ਦੋ ਚੋਰੀ ਕੀਤੇ ਹੋਏ ਮੋਟਰ ਸਾਇਕਲ ਕਬਜ਼ੇ ਵਿੱਚ ਕੀਤੇ ਗਏ ਹਨ| ਗਰੋਹ ਦੇ ਫਰਾਰ ਹੋ ਗਏ ਮੈਂਬਰਾਂ ਵਿੱਚ ਅਕਾਸ਼ਦੀਪ ਸਿੰਘ ਕਾਸ਼ਾ ਅਤੇ ਮਨੀ ਕੱਟਾ ਵਾਸੀ ਪੱਟੀ ਸ਼ਾਮਲ ਹਨ|