ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਅਪਰੈਲ
ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ 10 ਹਜ਼ਾਰ ਰੁਪਏ ‘ਚ ਪਿਸਤੌਲ ਖਰੀਦਣ ਤੋਂ ਬਾਅਦ ਸ਼ਹਿਰ ‘ਚ ਆਪਣੇ ਸਾਥੀਆਂ ਦੇ ਨਾਲ ਮਿਲ ਰਾਹਗੀਰਾਂ ਤੋਂ ਕਥਿਤ ਲ਼ੁੱਟਖੋਹ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਮੁਲਜ਼ਮ ਚੋਰੀ ਦੇ ਮੋਟਰਸਾਈਕਲ ‘ਤੇ ਲੁੱਟ ਦੀ ਤਿਆਰੀ ‘ਚ ਲੱਗੇ ਸਨ। ਖਹਿਰਾ ਬੇਟ ਸਥਿਤ ਪਿੰਡ ਬਲੀਪੁਰ ਕਲਾਂ ਇਲਾਕੇ ‘ਚ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 315 ਬੋਰ ਦੇ ਪਿਸਤੌਲ, ਇੱਕ ਕਾਰਤੂਸ, ਤੇਜ਼ ਹਥਿਆਰ ਅਤੇ ਵੱਖ-ਵੱਖ ਇਲਾਕਿਆਂ ‘ਚੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਹਨ।