ਪੱਤਰ ਪ੍ਰੇਰਕ
ਗੜ੍ਹਸ਼ੰਕਰ, 4 ਨਵੰਬਰ
ਸਥਾਨਕ ਤਹਿਸੀਲ ਦੇ ਕਸਬਾ ਮਾਹਿਲਪੁਰ ਦੇ ਮੁੱਖ ਬਾਜ਼ਾਰ ਵਿੱਚ ਅੱਜ ਦਿਨ ਦਿਹਾੜੇ ਹਰਸ਼ ਮਨੀ ਚੇਂਜਰ ਦੀ ਦੁਕਾਨ ਤੋਂ ਤਿੰਨ ਪਰਵਾਸੀ ਵਿਅਕਤੀ ਢਾਈ ਲੱਖ ਰੁਪਏ ਅਤੇ ਵਿਦੇਸ਼ੀ ਕਰੰਸੀ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਸਾਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਮਨੀ ਚੇਂਜਰ ਦੁਕਾਨ ਦੇ ਮਾਲਕ ਅਨੁਸਾਰ ਵਿਦੇਸ਼ੀ ਕਰੰਸੀ ਦੀ ਭਾਰਤ ਵਿੱਚ ਕੀਮਤ ਤਿੰਨ ਲੱਖ ਰੁਪਏ ਸੀ।
ਇਸ ਬਾਰੇ ਗੱਲ ਕਰਦਿਆਂ ਪੀੜਤ ਦੁਕਾਨਦਾਰ ਨਰੇਸ਼ ਕੁਮਾਰ ਪੁੱਤਰ ਰਾਮ ਜੀ ਦਾਸ ਵਾਸੀ ਵਾਰਡ ਨੰਬਰ 4, ਮਾਹਿਲਪੁਰ ਨੇ ਦੱਸਿਆ ਕਿ ਉਸਦੀ ਦੁਕਾਨ ‘ਤੇ ਅੱਜ ਕਰੀਬ ਡੇਢ ਵਜੇ ਦੋ ਪਰਵਾਸੀ ਵਿਅਕਤੀ ਆਏ ਸਨ ਜਿਨ੍ਹਾਂ ਦਾ ਸਾਥੀ ਤੀਜਾ ਵਿਅਕਤੀ ਉਸਦੀ ਦੁਕਾਨ ਦੇ ਨਾਲ ਕੱਪੜੇ ਦੀ ਦੁਕਾਨ ਅੰਦਰ ਚਲਾ ਗਿਆ ਅਤੇ ਇਕ ਵਿਅਕਤੀ ਨੇ ਉਸ ਨੂੰ ਗੱਲਾਂ ਵਿੱਚ ਉਲਝਾ ਲਿਆ।
ਇਸੇ ਦੌਰਾਨ ਨਾਲ ਦੀ ਦੁਕਾਨ ਦੇ ਨੇੜਿਓਂ ਇਸ ਵਿਅਕਤੀ ਦੇ ਸਾਥੀ ਨੇ ਚੁਸਤੀ ਨਾਲ ਉਸਦੀ ਦੁਕਾਨ ਦੇ ਗੱਲੇ ਵਿੱਚੋਂ ਢਾਈ ਲੱਖ ਰੁਪਏ ਦੀ ਨਗਦੀ ਅਤੇ ਵਿਦੇਸ਼ੀ ਕਰੰਸੀ ਖਿਸਕਾ ਲਈ। ਉਨ੍ਹਾਂ ਦੱਸਿਆ ਕਿ ਉਸਦੀ ਦੁਕਾਨ ਤੋਂ ਕੁੱਲ ਸਾਢੇ ਪੰਜ ਲੱਖ ਰੁਪਏ ਚੋਰੀ ਹੋਏ ਹਨ ਜਿਸਦਾ ਪਤਾ ਉਸਨੂੰ ਉਦੋਂ ਲੱਗਿਆ ਜਦੋਂ ਇਹ ਵਿਅਕਤੀ ਦੁਕਾਨ ਵਿੱਚੋਂ ਰਫੂ ਚੱਕਰ ਹੋ ਗਏ। ਮਾਹਿਲਪੁਰ ਪੁਲੀਸ ਅਨੁਸਾਰ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।