ਪਰਮਜੀਤ ਸਿੰਘ
ਫਾਜ਼ਿਲਕਾ, 4 ਨਵੰਬਰ
ਫੌਜ ‘ਚ ਭਰਤੀ ਹੋਣ ਵਾਲੇ ਨੌਜਵਾਨਾਂ ਨੇ ਤਹਿਸੀਲਦਾਰ ਵੱਲੋਂ ਉਨ੍ਹਾਂ ਦੇ ਸਰਟੀਫਿਕੇਟਾਂ ‘ਤੇ ਮੋਹਰ ਲਗਾ ਕੇ ਹਸਤਾਖ਼ਰ ਨਾ ਕਰਨ ਦੇ ਵਿਰੋਧ ‘ਚ ਅੱਜ ਪਹਿਲਾਂ ਫਾਜ਼ਿਲਕਾ-ਅਬੋਹਰ ਰੋਡ ‘ਤੇ ਤਹਿਸੀਲਦਾਰ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਲਾਲ ਬੱਤੀ ਚੌਕ ‘ਤੇ ਵੀ ਧਰਨਾ ਲਗਾ ਦਿੱਤਾ। ਨੌਜਵਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤੇ ਜਾਣ ਕਾਰਨ ਫਾਜ਼ਿਲਕਾ-ਅਬੋਹਰ ਰੋਡ ਅਤੇ ਲਾਲ ਬੱਤੀ ਚੌਕ ਤੋਂ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਨੌਜਵਾਨ ਆਗੂ ਕੁਲਦੀਪ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਫਿਰੋਜ਼ਪੁਰ ‘ਚ ਫੌਜ ਦੀ ਭਰਤੀ ਚੱਲ ਰਹੀ ਹੈ ਅਤੇ 8 ਨਵੰਬਰ 2022 ਭਰਤੀ ਦੀ ਆਖ਼ਰੀ ਤਰੀਕ ਹੈ। ਉਨ੍ਹਾਂ ਦੱਸਿਆ ਉਨ੍ਹਾਂ ਦੇ ਸਰਟੀਫਿਕੇਟਾਂ ਜਿਨ੍ਹਾਂ ‘ਚ ਬਾਰਡਰ ਏਰੀਆ, ਐਸ.ਸੀ/ਬੀ.ਸੀ. ਅਤੇ ਕੁਝ ਹੋਰ ਸਰਟੀਫਿਕੇਟਾਂ ‘ਤੇ ਪਹਿਲਾਂ ਇਕ ਲੋਗੋ (ਸਟੀਕਰ) ਲੱਗਿਆ ਹੁੰਦਾ ਸੀ ਜੋ ਹੁਣ ਨਹੀਂ ਲੱਗਿਆ ਜਿਸ ਕਾਰਨ ਫੌਜ ਦੀ ਭਰਤੀ ਦੌਰਾਨ ਅਧਿਕਾਰੀਆਂ ਵੱਲੋਂ ਸੈਂਕੜਿਆਂ ਦੀ ਗਿਣਤੀ ‘ਚ ਨੌਜਵਾਨਾਂ ਨੂੰ ਕੱਢ ਦਿੱਤਾ ਗਿਆ ਅਤੇ ਉਕਤ ਸਰਟੀਫਿਕੇਟਾਂ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਸਤਾਖ਼ਰ ਕਰਵਾ ਕੇ ਲਿਆਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਫਾਜ਼ਿਲਕਾ ਦੇ ਐਸਡੀਐਮ ਨੂੰ ਵੀ ਮਿਲੇ ਸਨ ਜਿਸ ‘ਤੇ ਐਸ.ਡੀ.ਐਮ. ਨੇ ਤਹਿਸੀਲਦਾਰ ਨੂੰ ਫੋਨ ਕਰਕੇ ਹਸਤਾਖ਼ਰ ਕਰਨ ਲਈ ਕਿਹਾ ਸੀ। ਪ੍ਰੰਤੂ ਜਦ ਨੌਜਵਾਨ ਉਕਤ ਤਹਿਸੀਲਦਾਰ ਕੋਲ ਗਏ ਤਾਂ ਉਨ੍ਹਾਂ ਨੇ ਹਸਤਾਖ਼ਰ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਰੋਸ ਵਜੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਵੱਲੋਂ ਉਕਤ ਨੌਜਵਾਨਾਂ ਦੀ ਤਹਿਸੀਲਦਾਰ ਫਾਜ਼ਿਲਕਾ ਨਾਲ ਮੁਲਾਕਾਤ ਕਰਵਾਈ ਗਈ ਅਤੇ ਹਸਤਾਖ਼ਰ ਕਰਕੇ ਦੇਣ ‘ਤੇ ਸਹਿਮਤੀ ਬਣੀ ਅਤੇ ਜਾਮ ਖੋਲ੍ਹ ਦਿੱਤਾ ਗਿਆ।