ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 26 ਜੂਨ
ਕਸਬਾ ਗੋਇੰਦਵਾਲ ਸਾਹਿਬ ਵਿਖੇ ਨਸ਼ੇ ਦੀ ਲੋਰ ਵਿੱਚ ਝੂਮ ਰਹੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਗੋਇੰਦਵਾਲ ਸਥਿਤ ਪੁਲੀਸ ਨਾਕੇ ਕੋਲ ਪੁਲੀਸ ਦੀ ਹਾਜ਼ਰੀ ਵਿੱਚ 1 ਘੰਟੇ ਤੋਂ ਵੱਧ ਸਮੇਂ ਤੱਕ ਨਸ਼ੇ ਵਿੱਚ ਝੂਲਦਾ ਰਿਹਾ ਪਰ ਕਿਸੇ ਪੁਲੀਸ ਅਧਿਕਾਰੀ ਵੱਲੋਂ ਉਕਤ ਨੌਜਵਾਨ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਸੈਮੀਨਾਰ ਵਿੱਚ ਨਸ਼ਿਆਂ ਖਿਲਾਫ਼ ਲੜਾਈ ਹੋਰ ਤੇਜ਼ ਕਰਨ ਦੀ ਕਸਮ ਪੁਲੀਸ ਮੁਲਾਜ਼ਮਾਂ ਨੂੰ ਚੁਕਾਈ ਗਈ।
ਜ਼ਿਕਰਯੋਗ ਹੈ ਕਿ ਕਸਬਾ ਗੋਇੰਦਵਾਲ ਸਾਹਿਬ ਵਿਖੇ ਨਸ਼ਾ ਤਸਕਰੀ ਲਈ ਬਦਨਾਮ ਨਿੰਮ ਵਾਲੀ ਘਾਟੀ ਤੋਂ ਆਮ ਹੀ ਨਸ਼ਾ ਮਿਲ ਜਾਂਦਾ ਹੈ ਜਿਸ ਦੇ ਚੱਲਦੇ ਕਸਬੇ ਅੰਦਰ ਅਕਸਰ ਨਸ਼ੇੜੀ ਨੌਜਵਾਨ ਬਾਜ਼ਾਰ ਅਤੇ ਗਲ਼ੀ ਮੁਹੱਲਿਆਂ ਵਿੱਚ ਨਸ਼ੇ ਦੀ ਲੋਰ ਵਿੱਚ ਘੁੰਮਦੇ ਅਕਸਰ ਨਜ਼ਰ ਆ ਜਾਂਦੇ ਹਨ।ਇਲਾਕੇ ਵਿੱਚ ਵੱਧ ਰਹੀ ਨਸ਼ੇੜੀਆਂ ਦੀ ਭਰਮਾਰ ਕਾਰਨ ਸਥਾਨਕ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉੱਥੇ ਹੀ ਡੀਐਸਪੀ ਅਰੁਣ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚੋਂ ਨਸ਼ਿਆ ਨੂੰ ਖਤਮ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ।