ਸਰਬਜੀਤ ਸਾਗਰ
ਦੀਨਾਨਗਰ, 4 ਨਵੰਬਰ
ਦੀਨਾਨਗਰ ਦੀ ਨਾਮਵਰ ਸਿੱਖਿਅਕ ਸੰਸਥਾ ਅੰਦਰ ਅੱਜ ਕੰਨਾਂ ਦੀਆਂ ਮਸ਼ੀਨਾਂ ਵੰਡਣ ਲਈ ਲੱਗੇ ਮੁਫ਼ਤ ਕੈਂਪ ‘ਚ ਕੰਨਾਂ ਦੇ ਮਰੀਜ਼ ਬਜ਼ੁਰਗਾਂ ਦੀ ਬਹੁਤ ਖੱਜਲ-ਖੁਆਰੀ ਹੋਈ ਤੇ ਉਨ੍ਹਾਂ ਨੂੰ ਸੱਦਾ ਦੇਣ ਦੇ ਬਾਵਜੂਦ ਗੇਟ ਬੰਦ ਕਰਕੇ ਕਈ ਘੰਟਿਆਂ ਤੱਕ ਧੁੱਪ ‘ਚ ਖੜਾਈ ਰੱਖਿਆ ਗਿਆ। ਮਾਮਲਾ ਦਿਆਨੰਦ ਮੱਠ ਦੀਨਾਨਗਰ ਦੀ ਸੰਸਥਾ ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਟਿਊਟ ਨਾਲ ਸਬੰਧਤ ਹੈ, ਜਿੱਥੇ 3 ਤੇ 4 ਨਵੰਬਰ ਨੂੰ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸਮਿਤੀ ਜੈਪੁਰ (ਸ਼ਾਖਾ ਅਜਮੇਰ) ਵੱਲੋਂ ਦਿਆਨੰਦ ਮੱਠ ਦੇ ਸਹਿਯੋਗ ਨਾਲ ਦੋ ਰੋਜ਼ਾ ਕੈਂਪ ਲਾਉਣ ਦਾ ਐਲਾਨ ਕੀਤਾ ਗਈ ਸੀ। ਇਸ ਲਈ ਵੱਡੇ ਪੱਧਰ ‘ਤੇ ਪ੍ਰਚਾਰ ਕਰਕੇ 3 ਨਵੰਬਰ ਨੂੰ ਲੋਕਾਂ ਦੇ ਆਧਾਰ ਕਾਰਡ ਤੇ ਮੋਬਾਈਲ ਨੰਬਰ ਲੈ ਕੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਤੇ ਉਨ੍ਹਾਂ ਨੂੰ 4 ਨਵੰਬਰ ਨੂੰ ਕੰਨਾਂ ਦੀਆਂ ਮਸ਼ੀਨਾਂ ਲਗਾ ਕੇ ਦੇਣ ਲਈ ਬੁਲਾਇਆ ਗਿਆ ਸੀ। ਪਰ ਅੱਜ ਵੱਡੀ ਗਿਣਤੀ ‘ਚ ਮਸ਼ੀਨਾਂ ਲੈਣ ਪਹੁੰਚੇ ਬਜ਼ੁਰਗਾਂ ਨੂੰ ਉਸ ਵੇਲੇ ਭਾਰੀ ਨਿਰਾਸ਼ਾ ਹੋਈ, ਜਦੋਂ ਉਨ੍ਹਾਂ ਨੂੰ ਕਾਲਜ ਦੇ ਗੇਟ ਤੋਂ ਇਹ ਕਹਿ ਕੇ ਵਾਪਸ ਭੇਜਿਆ ਜਾਣ ਲੱਗਾ ਕਿ ਸਿਰਫ਼ 100 ਮਸ਼ੀਨਾਂ ਹੀ ਵੰਡਣੀਆਂ ਸਨ, ਜੋ ਕੱਲ੍ਹ ਹੀ ਖ਼ਤਮ ਹੋ ਗਈਆਂ ਹਨ ਤੇ ਹੁਣ ਜਨਵਰੀ ‘ਚ ਲੱਗਣ ਵਾਲੇ ਕੈਂਪ ‘ਚ ਦੇਖਿਆ ਜਾਵੇਗਾ। ਇਸ ਦੌਰਾਨ 100 ਤੋਂ ਵੱਧ ਬਜ਼ੁਰਗ ਜਿਨ੍ਹਾਂ ‘ਚ ਮਹਿਲਾਵਾਂ ਤੇ ਕੁਝ ਬੱਚੇ ਵੀ ਸ਼ਾਮਲ ਸਨ, ਕਾਲਜ ਦੇ ਗੇਟ ਅੱਗ।
ਕਈ ਘੰਟੇ ਖੱਜਲ-ਖੁਆਰ ਹੁੰਦੇ ਰਹੇ। ਇਸ ਦੌਰਾਨ ਬਜ਼ੁਰਗਾਂ ਨੇ ਰੋਹ ਵਿੱਚ ਆ ਕੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਬਜ਼ੁਰਗ ਮਨੋਹਰ ਲਾਲ ਪਿੰਡ ਲਾਹੜੀ, ਰਾਣੀ ਦੇਵੀ ਤੇ ਬੰਸੋ ਦੇਵੀ ਪਿੰਡ ਅਵਾਂਖਾ ਨੇ ਕਿਹਾ ਕਿ ਆਪਣੀ ਮਸ਼ਹੂਰੀ ਕਰਨ ਲਈ ਇਸ ਕਾਲਜ ਨੇ ਮੁਫ਼ਤ ਕੈਂਪ ਦਾ ਡਰਾਮਾ ਕਰਕੇ ਬਜ਼ੁਰਗਾਂ ਨਾਲ ਭੱਦਾ ਮਜ਼ਾਕ ਕੀਤਾ ਹੈ, ਜਿਸਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ 100 ਲੋਕਾਂ ਨੂੰ ਹੀ ਕੰਨਾਂ ਦੀਆਂ ਮਸ਼ੀਨਾਂ ਦੇਣੀਆਂ ਸੀ ਤਾਂ ਫਿਰ ਦੋ ਰੋਜ਼ਾ ਕੈਂਪ ਦਾ ਝੂਠਾ ਪ੍ਰਚਾਰ ਕਰਨ ਦੀ ਕੀ ਲੋੜ ਸੀ। ਬਜ਼ੁਰਗਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਫ਼ਤ ਕੈਂਪ ਦੇ ਨਾਂ ‘ਤੇ ਸੰਸਥਾ ਦੀ ਮਸ਼ਹੂਰੀ ਕਰਨ ਲਈ ਬਜ਼ੁਰਗਾਂ ਦੀ ਖੱਜਲ-ਖੁਆਰੀ ਕਰਨ ਵਾਲੀਆਂ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉੱਧਰ ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਨੇ ਮਾਮਲੇ ਦੀ ਜਾਂਚ ਕਰਵਾ ਕੇ ਐਕਸ਼ਨ ਲੈਣ ਦੀ ਗੱਲ ਆਖੀ।
ਲੋਕਾਂ ਨੇ ਸਮੇਂ ਸਿਰ ਨਹੀਂ ਕਰਵਾਈ ਰਜਿਸਟ੍ਰੇਸ਼ਨ: ਪ੍ਰਧਾਨ ਸਦਾਨੰਦ
ਦਿਆਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਨੇ ਬਜ਼ੁਰਗਾਂ ਦੀ ਖੱਜਲ-ਖੁਆਰੀ ਦਾ ਭਾਂਡਾ ਲੋਕਾਂ ਸਿਰ ਭੰਨਦਿਆਂ ਕਿਹਾ ਕਿ ਲੋਕਾਂ ਨੇ ਸਮੇਂ ਸਿਰ ਰਜਿਸਟ੍ਰੇਸ਼ਨ ਨਹੀਂ ਕਰਵਾਈ ਤੇ ਫਿਰ ਇੱਕਦਮ ਗਿਣਤੀ ਵਧਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਰਹਿ ਗਏ ਲੋਕਾਂ ਨੂੰ ਜਨਵਰੀ ‘ਚ ਮਸ਼ੀਨਾਂ ਦਿੱਤੀਆਂ ਜਾਣਗੀਆਂ।